ਦਿੱਲੀ ਆਬਕਾਰੀ ਮਾਮਲਾ: ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਨੂੰ ਮਿਲੀ ਅੰਤਰਿਮ ਜ਼ਮਾਨਤ

Saturday, Jan 06, 2024 - 04:53 PM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿਚ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਨੂੰ ਦੋ ਹਫਤੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਨੇ ਮਹਿੰਦਰੂ ਨੂੰ ਉਸ ਅਰਜ਼ੀ 'ਤੇ ਰਾਹਤ ਦਿੱਤੀ, ਜਿਸ ਵਿਚ ਉਨ੍ਹਾਂ ਨੇ ਆਪਣੀ ਪਤਨੀ ਦੀ ਸਿਹਤ ਸਬੰਧੀ ਮੁੱਦਿਆਂ ਕਾਰਨ ਜ਼ਮਾਨਤ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ। 

ਜੱਜ ਨੇ ਕਿਹਾ ਕਿ ਇਸ ਕੇਸ 'ਚ ਪਹਿਲਾਂ ਮਿਲੀ ਅੰਤਰਿਮ ਜ਼ਮਾਨਤ ਦੌਰਾਨ ਮੁਲਜ਼ਮ ਨੇ ਕੇਸ 'ਚ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੱਜ ਨੇ 5 ਜਨਵਰੀ ਨੂੰ ਦਿੱਤੇ ਹੁਕਮ ਵਿਚ ਕਿਹਾ ਕਿ ਉਸ ਦੇ ਦੇਸ਼ ਛੱਡਣ ਦਾ ਕੋਈ ਖਤਰਾ ਨਹੀਂ ਹੈ ਅਤੇ ਰਿਕਾਰਡ 'ਤੇ ਅਜਿਹਾ ਕੁਝ ਵੀ ਨਹੀਂ ਹੈ, ਜਿਸ ਤੋਂ ਪਤਾ ਚੱਲ ਸਕੇ ਕਿ ਉਸ ਨੇ ਇਸ ਮਾਮਲੇ 'ਚ ਕਦੇ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨ ਜਾਂ ਕਿਸੇ ਸਬੂਤ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸਤਗਾਸਾ ਪੱਖ ਮੁਤਾਬਕ ਮਹਿੰਦਰੂ ਆਬਕਾਰੀ ਨੀਤੀ ਦੀ ਉਲੰਘਣਾ ਦੇ ਮੁੱਖ ਲਾਭਪਾਤਰੀਆਂ 'ਚੋਂ ਇਕ ਸੀ ਕਿਉਂਕਿ ਉਹ ਨਾ ਸਿਰਫ਼ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਸ਼ਰਾਬ ਨਿਰਮਾਣ ਯੂਨਿਟ ਚਲਾ ਰਿਹਾ ਸੀ ਸਗੋਂ ਕੁਝ ਪ੍ਰਚੂਨ ਲਾਇਸੈਂਸਾਂ ਦੇ ਨਾਲ-ਨਾਲ ਥੋਕ ਲਾਇਸੈਂਸ ਵੀ ਦਿੱਤੇ ਸਨ। ਇਸਤਗਾਸਾ ਪੱਖ ਨੇ ਦਾਅਵਾ ਕੀਤਾ ਕਿ ਕਥਿਤ ਬੇਨਿਯਮੀਆਂ ਅਤੇ ਉਲੰਘਣਾ ਕਾਰਨ ਮਹਿੰਦਰੂ ਨੇ ਲਗਭਗ 50 ਕਰੋੜ ਰੁਪਏ ਦਾ ਮੁਨਾਫਾ ਕਮਾਇਆ।
 


Tanu

Content Editor

Related News