ਬਜ਼ੁਰਗ ਵੋਟਰ 'ਪਿਕ ਅਤੇ ਡਰੌਪ' ਲਈ 5 ਫਰਵਰੀ ਤਕ ਕਰਵਾ ਸਕਣਗੇ ਰਜਿਸਟ੍ਰੇਸ਼ਨ

02/04/2020 6:12:50 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਚੋਣ ਦਫਤਰ (ਸੀ. ਈ. ਓ.) ਨੇ ਵੋਟਿੰਗ ਦੇ ਦਿਨ ਬਜ਼ੁਰਗ ਨਾਗਰਿਕਾਂ ਨੂੰ ਘਰ ਤੋਂ ਵੋਟਿੰਗ ਕੇਂਦਰ ਲੈ ਜਾਣ ਅਤੇ ਫਿਰ ਘਰ ਛੱਡਣ ਦੀ ਸਹੂਲਤ (ਪਿਕ ਅਤੇ ਡਰੌਪ) ਲਈ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਨੂੰ 5 ਫਰਵਰੀ ਤਕ ਵਧਾ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਅਧਿਕਾਰੀਆਂ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਕਿ 'ਪਿਕ ਅਤੇ ਡਰੌਪ' ਸਹੂਲਤ ਲਈ ਪਹਿਲਾਂ ਆਖਰੀ ਤਰੀਕ 31 ਜਨਵਰੀ ਸੀ। ਇਸ ਸੁਵਿਧਾ ਲਈ ਚੰਗੀ ਪ੍ਰਤੀਕਿਰਿਆ ਨਾ ਮਿਲਣ ਤੋਂ ਬਾਅਦ ਚੋਣ ਦਫਤਰ ਨੇ ਰਜਿਸਟ੍ਰੇਸ਼ਨ ਲਈ ਆਖਰੀ ਤਰੀਕ ਨੂੰ ਵਧਾ ਦਿੱਤਾ ਹੈ। ਦਿੱਲੀ ਸੀ. ਈ. ਓ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਸਿਰਫ 500 ਲੋਕਾਂ ਦੀ ਰਜਿਸਟ੍ਰੇਸ਼ਨ ਮਿਲੀ ਹੈ, ਇਸ ਲਈ ਅਸੀਂ 'ਪਿਕ ਅਤੇ ਡਰੌਪ' ਦੀ ਸੁਵਿਧਾ ਦਾ ਲਾਭ ਲੈਣ ਵਾਲੇ ਵੋਟਰਾਂ ਲਈ ਰਜਿਸਟ੍ਰੇਸ਼ਨ ਦੀ ਤਰੀਕ ਨੂੰ 5 ਫਰਵਰੀ ਤਕ ਵਧਾ ਦਿੱਤਾ ਹੈ।

ਇੱਥੇ ਦੱਸ ਦੇਈਏ ਕਿ ਵੋਟਿੰਗ ਨੂੰ ਲੈ ਕੇ 25 ਜਨਵਰੀ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਇਆ ਸੀ। ਅਧਿਕਾਰੀਆਂ ਮੁਤਾਬਕ ਦਿਵਯਾਂਗ ਵੋਟਰਾਂ ਨੂੰ ਸਹੂਲਤ ਲਈ ਵੋਟਿੰਗ ਕੇਂਦਰ 'ਤੇ ਵ੍ਹੀਲਚੇਅਰ ਦਿੱਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਵੱਡੀ ਗਿਣਤੀ ਵਿਚ ਤੁਰਨ-ਫਿਰਨ 'ਚ ਅਸਮਰੱਥ ਦਿਵਯਾਂਗਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਵੋਟਰ ਸੂਚੀ ਮੁਤਾਬਕ ਦਿੱਲੀ ਵਿਚ ਕਰੀਬ 2 ਲੱਖ ਵੋਟਰ 80 ਸਾਲ ਤੋਂ ਵਧੇਰੇ ਉਮਰ ਦੇ ਹਨ। ਦਿੱਲੀ ਵਿਚ 8 ਫਰਵਰੀ 2020 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਪੂਰਾ ਦਮ-ਖਮ ਲਾ ਰਹੀਆਂ ਹਨ।


Tanu

Content Editor

Related News