ਮੰਦੀ ਦੇ ਬਾਵਜੂਦ ਦਿੱਲੀ ਚੋਣ ਪ੍ਰਚਾਰ ''ਚ ਹੋਵੇਗੀ ਪੈਸੇ ਦੀ ਬਰਸਾਤ, ਕਰੋੜਾਂ ਖਰਚ ਹੋਣ ਦਾ ਅੰਦਾਜ਼ਾ

01/09/2020 5:35:27 PM

ਨਵੀਂ ਦਿੱਲੀ — ਦਿੱਲੀ 'ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ(ਆਪ) ਨੇ ਚੋਣਾਂ ਦੇ ਪ੍ਰਚਾਰ ਲਈ ਕਮਰ ਕੱਸ ਲਈ ਹੈ। ਇਕ ਅੰਦਾਜ਼ੇ ਮੁਤਾਬਕ ਇਨ੍ਹਾਂ ਤਿੰਨਾਂ ਪਾਰਟੀਆਂ ਵਲੋਂ ਪਿਛਲੀ ਵਾਰ  ਦੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਦੀਆਂ ਚੋਣਾਂ 'ਚ ਵੀ ਅੰਨ੍ਹੇਵਾਹ ਪੈਸਾ ਖਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੇਸ਼ ਇਸ ਸਮੇਂ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਇਸ ਦੇ ਬਾਵਜੂਦ ਇਨ੍ਹਾਂ ਸਿਆਸੀ ਪਾਰਟੀਆਂ ਵਲੋਂ ਵੱਡੀ ਮਾਤਰਾ 'ਚ ਕੀਤੇ ਜਾਣ ਵਾਲਾ ਖਰਚ ਕਈ ਸਵਾਲ ਖੜ੍ਹੇ ਕਰਦਾ ਹੈ। 
ਇਸ਼ਤਿਹਾਰਬਾਜ਼ੀ ਅਤੇ ਮੀਡੀਆ ਸੰਚਾਰ ਏਜੰਸੀ ਡੇਂਟਯੂ ਏਜਿਸ ਨੈਟਵਰਕ ਦੇ ਮੁੱਖ ਕਾਰਜਕਾਰੀ ਅਸ਼ੀਸ਼ ਭਸੀਨ ਮੁਤਾਬਕ ਤਿੰਨਾਂ ਪਾਰਟੀਆਂ ਵਲੋਂ ਚੋਣਾਂ 'ਤੇ 170 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਸਕਦੇ ਹਨ। ਇਹ ਖਰਚਾ ਮੁੱਖ ਤੌਰ 'ਤੇ ਪ੍ਰਿੰਟ ਅਤੇ ਡਿਜੀਟਲ ਵਿਗਿਆਪਨ 'ਤੇ ਹੋਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਇਸ਼ਤਿਹਾਰਬਾਜ਼ੀ ਦਾ ਵੱਡਾ ਬਜਟ ਖਰਚ ਕੀਤਾ ਜਾਵੇਗਾ।

ਨਵੇਂ ਅਤੇ ਪੁਰਾਣੇ ਤਰੀਕਿਆਂ ਦਾ ਸੁਮੇਲ ਹੋਵੇਗਾ ਚੋਣ ਪ੍ਰਚਾਰ

ਵਿਗਿਆਪਨ ਤੋਂ ਇਲਾਵਾ ਭਾਜਪਾ ਅਤੇ ਆਪ ਪਾਰਟੀ ਦਿੱਲੀ ਦੇ ਵੋਟਰਾਂ ਕੋਲ ਪਹੁੰਚਣ ਲਈ ਡੋਰ ਟੂ ਡੋਰ ਪ੍ਰਚਾਰ ਕਰੇਗੀ, ਜਿਸ ਦੇ ਲਈ ਵਿਗਿਆਪਨ ਏਜੰਸੀਆਂ ਪ੍ਰਚਾਰ ਲਈ ਕੋਈ ਕ੍ਰਿਏਵਿਟ ਤਰੀਕਾ ਅਪਣਾ ਸਕਦੀਆਂ ਹਨ। ਇਸ ਤੋਂ ਇਲਾਵਾ ਪ੍ਰਚਾਰ ਦਾ ਪੁਰਾਣਾ ਤਰੀਕਾ ਹੋਰਡਿੰਗਸ ਅਤੇ ਹੋਰ ਤਰੀਕਿਆਂ ਦਾ ਸਹਾਰਾ ਲੈ ਸਕਦੀਆਂ ਹਨ ਜ਼ਿਕਰਯੋਗ ਹੈ ਕਿ ਹੁਣ ਵਾਟਸਐਪ, ਟਵਿੱਟਰ ਅਤੇ ਫੇਸਬੁੱਕ 'ਤੇ ਸਿਆਸੀ ਪਾਰਟੀਆਂ ਦੇ ਵਿਗਿਆਪਨ ਘੱਟ ਦਿਖਾਈ ਦੇ ਸਕਦੇ ਹਨ ਕਿਉਂਕਿ ਚੋਣ ਕਮਿਸ਼ਨ ਨੇ ਪ੍ਰਚਾਰ ਦੇ ਨਿਯਮਾਂ 'ਚ ਸਖਤੀ ਕਰ ਦਿੱਤੀ ਹੈ। ਹਾਲਾਂਕਿ ਅਪ੍ਰਤੱਖ ਰੂਪ ਨਾਲ ਟਵਿੱਟਰ, ਟਿਕ-ਟਾਕ, ਵਾਟਸਐਪ, ਬਲਾਗ ਅਤੇ ਫੇਸਬੁੱਕ 'ਤੇ ਪ੍ਰਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਿਆਸੀ ਪਾਰਟੀਆਂ ਵਲੋਂ ਦਿੱਲੀ ਦੇ ਵੋਟਰਾਂ ਨੂੰ ਟਾਰਗੈੱਟ ਕਰਦੇ ਹੋਏ ਪਿਛਲੀ ਤਿਮਾਹੀ 'ਚ ਸਿਰਫ ਫੇਸਬੁੱਕ 'ਤੇ ਹੀ ਪ੍ਰਚਾਰ ਲਈ 74.88 ਲੱਖ ਰੁਪਏ ਖਰਚ ਕੀਤੇ ਗਏ।


Related News