ਦਿੱਲੀ ਦੰਗੇ ਰਾਜਧਾਨੀ ''ਚ ਵੰਡ ਤੋਂ ਬਾਅਦ ਸਭ ਤੋਂ ਭਿਆਨਕ ਦੰਗੇ ਸਨ : ਕੋਰਟ

Thursday, Oct 22, 2020 - 05:29 PM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਫਰਵਰੀ 'ਚ ਉੱਤਰ-ਪੂਰਬੀ ਦਿੱਲੀ 'ਚ ਹੋਏ ਦੰਗੇ ਰਾਸ਼ਟਰੀ ਰਾਜਧਾਨੀ 'ਚ ਵੰਡ ਤੋਂ ਬਾਅਦ ਸਭ ਤੋਂ ਭਿਆਨਕ ਫਿਰਕੂ ਦੰਗੇ ਸਨ। ਕੋਰਟ ਨੇ ਕਿਹਾ ਕਿ ਇਹ 'ਪ੍ਰਮੁੱਖ ਵਿਸ਼ਵਵਿਆਪੀ ਸ਼ਕਤੀ' ਬਣਨ ਦੀ ਇੱਛਾ ਰੱਖਣ ਵਾਲੇ ਰਾਸ਼ਟਰ ਦੇ ਜ਼ਮੀਰ 'ਚ ਇਕ ਜ਼ਖਮ ਸੀ। ਕੋਰਟ ਨੇ 'ਆਪ' ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੇ ਤਿੰਨ ਮਾਮਲਿਆਂ 'ਚ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਹੁਸੈਨ 'ਤੇ ਫਿਰਕੂ ਹਿੰਸਾ ਭੜਕਾਉਣ ਲਈ ਆਪਣੇ ਸਿਆਸੀ ਦਬਦਬੇ ਦੀ ਗਲਤ ਵਰਤੋਂ ਕਰਨ ਦਾ ਦੋਸ਼ ਹੈ। ਕੋਰਟ ਨੇ ਕਿਹਾ,''ਇਹ ਆਮ ਜਾਣਕਾਰੀ ਹੈ ਕਿ 24 ਫਰਵਰੀ 2020 ਦੇ ਦਿਨ ਉੱਤਰ-ਪੂਰਬੀ ਦਿੱਲੀ ਦੇ ਕਈ ਹਿੱਸੇ ਫਿਰਕੂ ਦੰਗੇ ਦੀ ਲਪੇਟ 'ਚ ਆ ਗਏ, ਜਿਸ ਨੇ ਵੰਡ ਦੇ ਦਿਨਾਂ 'ਚ ਹੋਏ ਕਤਲੇਆਮ ਦੀ ਯਾਦ ਦਿਵਾ ਦਿੱਤੀ। ਦੰਗੇ ਜਲਦ ਹੀ ਜੰਗਲ ਦੀ ਅੱਗ ਦੀ ਤਰ੍ਹਾਂ ਰਾਜਧਾਨੀ ਦੇ ਨਵੇਂ ਹਿੱਸਿਆਂ 'ਚ ਫੈਲ ਗਏ ਅਤੇ ਵੱਧ ਤੋਂ ਵੱਧ ਨਿਰਦੋਸ਼ ਲੋਕ ਇਸ ਦੀ ਲਪੇਟ 'ਚ ਆ ਗਏ। 

ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ,''ਦਿੱਲੀ ਦੰਗੇ 2020 ਇਕ ਪ੍ਰਮੁੱਖ ਵਿਸ਼ਵਵਿਆਪੀ ਸ਼ਕਤੀ ਬਣਨ ਦੀ ਇੱਛਾ ਰੱਖਣ ਵਾਲੇ ਰਾਸ਼ਟਰ ਦੇ ਜ਼ਮੀਰ 'ਤੇ ਇਕ ਜ਼ਖਮ ਹੈ ਅਤੇ ਦਿੱਲੀ 'ਚ ਹੋਏ ਇਹ ਦੰਗੇ ਵੰਡ ਤੋਂ ਬਾਅਦ ਸਭ ਤੋਂ ਭਿਆਨਕ ਫਿਰਕੂ ਦੰਗੇ ਸਨ।'' ਕੋਰਟ ਨੇ ਕਿਹਾ ਕਿ ਇੰਨੇ ਘੱਟ ਸਮੇਂ 'ਚ ਇੰਨੇ ਵੱਡੇ ਪੈਮਾਨੇ 'ਤੇ ਦੰਗੇ ਫੈਲਾਉਣਾ ਯੋਜਨਾਬੱਧ ਸਾਜਿਸ਼ ਦੇ ਬਿਨਾਂ ਸੰਭਵ ਨਹੀਂ ਹੈ। ਪਹਿਲਾ ਮਾਮਲਾ ਦਿਆਲਪੁਰ ਇਲਾਕੇ 'ਚ ਹੋਏ ਦੰਗਿਆਂ ਦੌਰਾਨ ਹੁਸੈਨ ਦੇ ਘਰ ਦੀ ਛੱਤ 'ਤੇ ਪੈਟਰੋਲ ਬੰਬ ਨਾਲ 100 ਲੋਕਾਂ ਦੀ ਮੌਜੂਦਗੀ ਅਤੇ ਉਨ੍ਹਾਂ ਨੂੰ ਦੂਜੇ ਭਾਈਚਾਰੇ ਨਾਲ ਜੁੜੇ ਲੋਕਾਂ 'ਤੇ ਬੰਬ ਸੁੱਟਣ ਨਾਲ ਜੁੜਿਆ ਹੈ। ਦੂਜਾ ਮਾਮਲਾ ਖੇਤਰ 'ਚ ਇਕ ਦੁਕਾਨ 'ਤੇ ਲੁੱਟਖੋਹ ਨਾਲ ਜੁੜਿਆ ਹੈ, ਜਿਸ ਕਾਰਨ ਦੁਕਾਨ ਦੇ ਮਾਲਕ ਨੂੰ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ, ਜਦੋਂ ਕਿ ਤੀਜਾ ਮਾਮਲਾ ਇਕ ਦੁਕਾਨ 'ਚ ਲੁੱਟਖੋਹ ਅਤੇ ਸਾੜਨ ਨਾਲ ਸੰਬੰਧਤ ਹੈ, ਜਿਸ 'ਚ ਦੁਕਾਨ ਦੇ ਮਾਲਕ ਨੂੰ 17 ਤੋਂ 18 ਲੱਖ ਰੁਪਏ ਦਾ ਨੁਕਸਾਨ ਹੋਇਆ।

ਜੱਜ ਨੇ ਕਿਹਾ ਕਿ ਇਹ ਮੰਨਣ ਲਈ ਰਿਕਾਰਡ 'ਚ ਪ੍ਰਾਪਤ ਸਮੱਗਰੀ ਹੈ ਕਿ ਹੁਸੈਨ ਅਪਰਾਧ ਵਾਲੀ ਜਗ੍ਹਾ ਮੌਜੂਦ ਸਨ ਅਤੇ ਇਕ ਵਿਸ਼ੇਸ਼ ਭਾਈਚਾਰੇ ਦੇ ਦੰਗਾਕਾਰੀਆਂ ਨੂੰ ਉਕਸਾ ਰਹੇ ਸਨ। ਜੱਜ ਨੇ ਕਿਹਾ ਕਿ ਹੁਸੈਨ ਵਿਰੁੱਧ ਗੰਭੀਰ ਸੁਭਾਅ ਦਾ ਦੋਸ਼ ਹੈ। ਕੋਰਟ ਨੇ ਕਿਹਾ ਕਿ ਤਿੰਨਾਂ ਮਾਮਲਿਆਂ 'ਚ ਸਰਕਾਰੀ ਗਵਾਹ ਉਸੇ ਖੇਤਰ ਦੇ ਵਾਸੀ ਹਨ ਅਤੇ ਜੇਕਰ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਹੁਸੈਨ ਵਲੋਂ ਇਨ੍ਹਾਂ ਗਵਾਹਾਂ ਨੂੰ ਧਮਕੀ ਦੇਣ ਜਾਂ ਡਰਾਉਣ ਦੇ ਖ਼ਦਸ਼ੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ। ਹੁਸੈਨ ਵਲੋਂ ਪੇਸ਼ ਵਕੀਲ ਕੇ.ਕੇ. ਮੇਨਨ ਨੇ ਦਾਅਵਾ ਕੀਤਾ ਸੀ ਕਿ ਕਾਨੂੰਨ ਦੀ ਮਸ਼ੀਨਰੀ ਦੀ ਗਲਤ ਵਰਤੋਂ ਕਰ ਕੇ ਉਸ ਨੂੰ ਪਰੇਸ਼ਾਨ ਕਰਨ ਦੇ ਇਕਮਾਤਰ ਉਦੇਸ਼ ਨਾਲ ਪੁਲਸ ਅਤੇ ਉਸ ਦੇ ਸਿਆਸੀ ਵਿਰੋਧੀਆਂ ਵਲੋਂ ਉਸ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ। ਸਰਕਾਰੀ ਵਕੀਲ ਮਨੋਜ ਚੌਧਰੀ ਨੇ ਕਿਹਾ ਕਿ ਹੁਸੈਨ ਮਾਮਲਿਆਂ 'ਚ ਮੁੱਖ ਸਾਜਿਸ਼ਕਰਤਾ ਹੈ।


DIsha

Content Editor

Related News