1984 ਸਿੱਖ ਵਿਰੋਧੀ ਦੰਗੇ : ਸੱਜਣ ਕੁਮਾਰ ਖ਼ਿਲਾਫ਼ ਕਤਲ ਦੇ ਮਾਮਲੇ ''ਚ ਟਲਿਆ ਫ਼ੈਸਲਾ
Tuesday, Jan 21, 2025 - 03:19 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਦੇ ਇਕ ਮਾਮਲੇ 'ਚ ਮੰਗਲਵਾਰ ਨੂੰ ਆਪਣਾ ਫ਼ੈਸਲਾ ਟਾਲ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇਸਤਗਾਸਾ ਪੱਖ ਵਲੋਂ ਕੁਝ ਬਿੰਦੂਆਂ 'ਤੇ ਹੋਰ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗੇ ਜਾਣ ਤੋਂ ਬਾਅਦ ਫ਼ੈਸਲਾ 31 ਜਨਵਰੀ ਤੱਕ ਮੁਲਤਵੀ ਕਰ ਦਿੱਤਾ। ਜੱਜ ਨੇ ਕਿਹਾ,''ਅਗਲੀ ਤਾਰੀਖ਼ 31 ਜਨਵਰੀ ਹੈ।'' ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ 'ਚ 2 ਲੋਕਾਂ ਦੇ ਮਾਰੇ ਜਾਣ ਨਾਲ ਸੰਬੰਧਤ ਹੈ। ਮੌਜੂਦਾ ਸਮੇਂ ਤਿਹਾੜ ਜੇਲ੍ਹ 'ਚ ਬੰਦ ਕੁਮਾਰ ਵੀਡੀਓ-ਕਾਨਫਰੰਸ ਦੇ ਮਾਧਿਅਮ ਨਾਲ ਅਦਾਲਤ 'ਚ ਪੇਸ਼ ਹੋਏ।
ਜਸਵੰਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਤਰੁਣਦੀਪ ਸਿੰਘ ਦਾ 1 ਨਵੰਬਰ 1984 ਨੂੰ ਹੋਏ ਕਤਲ ਨਾਲ ਜੁੜੇ ਮਾਮਲੇ 'ਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁਰੂਆਤ 'ਚ ਪੰਜਾਬੀ ਬਾਗ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ 'ਚ ਇਕ ਵਿਸ਼ੇਸ਼ ਜਾਂਚ ਦਲ ਨੇ ਜਾਂਚ ਆਪਣੇ ਹੱਥ 'ਚ ਲੈ ਲਈ ਸੀ। ਅਦਾਲਤ ਨੇ 16 ਦਸੰਬਰ 2021 ਨੂੰ ਕੁਮਾਰ ਖ਼ਿਲਾਫ਼ ਪਹਿਲੀ ਨਜ਼ਰ ਮਾਮਲਾ ਪਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਪੱਖ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਹਥਿਆਰਾਂ ਨਾਲ ਲੈੱਸ ਲੋਕਾਂ ਦੀ ਭੀੜ ਨੇ ਵੱਡੇ ਪੈਮਾਨੇ 'ਤੇ ਲੁੱਟਖੋਹ ਅਤੇ ਅੱਗ ਲਗਾ ਕੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਨਸ਼ਟ ਕਰ ਦਿੱਤਾ ਸੀ। ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਭੀੜ ਨੇ ਘਰ 'ਤੇ ਹਮਲਾ ਕਰ ਕੇ ਜਸਵੰਤ ਅਤੇ ਉਨ੍ਹਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਅਤੇ ਸਮਾਨ ਲੁੱਟ ਕੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8