PM ਮੋਦੀ ਨੇ ਦਿੱਲੀ ਮੈਟਰੋ ''ਚ ਬੱਚਿਆਂ ਨਾਲ ਕੀਤਾ ਸਫ਼ਰ, SRCC ਦੇ ਸ਼ਤਾਬਦੀ ਸਮਾਗਮ ''ਚ ਲੈਣਗੇ ਹਿੱਸਾ
Saturday, Sep 05, 2026 - 07:27 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਵੱਕਾਰੀ ਸ੍ਰੀਰਾਮ ਕਾਲਜ ਆਫ਼ ਕਾਮਰਸ (SRCC) ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਨਤਕ ਆਵਾਜਾਈ (ਮੈਟਰੋ) ਦੀ ਵਰਤੋਂ ਕਰਦਿਆਂ ਸਫ਼ਰ ਕੀਤਾ। ਇਸ ਮੈਟਰੋ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਨਾਲ ਸਫ਼ਰ ਕਰ ਰਹੇ ਬੱਚਿਆਂ ਤੇ ਹੋਰ ਯਾਤਰੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
#WATCH | Delhi: Prime Minister Narendra Modi traveled by the Delhi Metro today as he headed to Shri Ram College of Commerce (SRCC) to participate in the college's centenary celebrations.
— ANI (@ANI) September 5, 2026
(Source: DD) pic.twitter.com/AVqtS38z6P
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਕਿਹਾ, "ਕੁਝ ਹੀ ਦੇਰ ਵਿੱਚ ਸ਼ਾਮ ਸੱਤ ਵਜੇ ਮੈਂ ਦਿੱਲੀ ਯੂਨੀਵਰਸਿਟੀ ਦੇ ਵੱਕਾਰੀ ਸ੍ਰੀਰਾਮ ਕਾਲਜ ਆਫ਼ ਕਾਮਰਸ ਵਿੱਚ ਇਸ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣ ਪਹੁੰਚਾਂਗਾ"। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਲਜ ਨੇ ਸਾਲਾਂ ਦੌਰਾਨ ਅਕਾਦਮਿਕ ਉੱਤਮਤਾ, ਸੰਸਥਾ ਨਿਰਮਾਣ ਅਤੇ ਕਾਰੋਬਾਰ, ਜਨਤਕ ਜੀਵਨ ਤੇ ਸਮਾਜ ਵਿੱਚ ਅਗਵਾਈ ਕਰਨ ਵਾਲੀਆਂ ਕਈ ਪੀੜ੍ਹੀਆਂ ਨੂੰ ਤਿਆਰ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਐਸ.ਆਰ.ਸੀ.ਸੀ.ਨਾਲ ਪੁਰਾਣਾ ਲਗਾਅ ਰਿਹਾ ਹੈ। ਉਹ ਇਸ ਤੋਂ ਪਹਿਲਾਂ 13 ਸਾਲ ਪਹਿਲਾਂ (ਸਾਲ 2013 ਵਿੱਚ) ਇੱਥੇ ਆਏ ਸਨ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਭਾਰਤੀ ਜਨਤਾ ਪਾਰਟੀ ਨੌਜਵਾਨ ਪੀੜ੍ਹੀ ਤੱਕ ਆਪਣੀ ਪਹੁੰਚ ਵਧਾਉਣ ਦੇ ਯਤਨ ਕਰ ਰਹੀ ਹੈ। ਦੱਸਣਯੋਗ ਹੈ ਕਿ ਸ੍ਰੀਰਾਮ ਕਾਲਜ ਆਫ਼ ਕਾਮਰਸ ਭਾਰਤ ਦੇ ਪ੍ਰਮੁੱਖ ਉੱਚ ਵਿੱਦਿਅਕ ਸੰਸਥਾਨਾਂ ਵਿੱਚੋਂ ਇੱਕ ਹੈ, ਜੋ ਵਣਜ (ਕਾਮਰਸ), ਅਰਥ ਸ਼ਾਸਤਰ (ਇਕਨਾਮਿਕਸ) ਅਤੇ ਪ੍ਰਬੰਧਨ (ਮੈਨੇਜਮੈਂਟ) ਦੇ ਖੇਤਰ ਵਿੱਚ ਅਧਿਐਨ ਦਾ ਇੱਕ ਪ੍ਰਤਿਸ਼ਠਿਤ ਕੇਂਦਰ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਨਿਵਾਸ ਸਥਾਨ 'ਤੇ ਕਾਲਜ ਦੀ ਗਵਰਨਿੰਗ ਬਾਡੀ ਅਤੇ ਇੱਕ ਪ੍ਰਤੀਨਿਧ ਮੰਡਲ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਸੰਸਥਾ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਹੋਈ ਸੀ, ਜਿੱਥੇ ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
