ਸੁਭਾਸ਼ ਚੰਦਰਾ ਦੇ ਖ਼ਿਲਾਫ CBI ਨੇ ਕੱਸਿਆ ਸ਼ਿਕੰਜਾ ! ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ
Saturday, Sep 05, 2026 - 06:28 PM (IST)
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਦੇ ਖ਼ਿਲਾਫ ਕਥਿਤ ਤੌਰ ’ਤੇ ਆਪਣੀ ਕੁੱਲ ਜਾਇਦਾਦ ਵਧਾ-ਚੜ੍ਹਾ ਕੇ ਦਿਖਾ ਕੇ ਐੱਲ. ਆਈ. ਸੀ. ਹਾਊਸਿੰਗ ਫਾਈਨਾਂਸ ਲਿਮਟਿਡ (ਐੱਲ. ਆਈ. ਸੀ. ਐੱਚ. ਐੱਫ. ਐੱਲ.) ਤੋਂ ਕਰਜ਼ਾ ਲੈਣ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ।
ਐੱਲ. ਆਈ. ਸੀ. ਐੱਚ. ਐੱਫ. ਐੱਲ. ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ, ਜੋ ਹੁਣ ਐੱਫ. ਆਈ. ਆਰ. ਦਾ ਹਿੱਸਾ ਹੈ ਕਿ ਚੰਦਰਾ ਨੇ ਆਪਣੀ ਕੁੱਲ ਜਾਇਦਾਦ ਨਾਲ ਜੁੜੇ ਸਰਟੀਫਿਕੇਟ ਜਮ੍ਹਾ ਕੀਤੇ ਸਨ। ਇਨ੍ਹਾਂ ਹੀ ਸਰਟੀਫਿਕੇਟਾਂ ਦੇ ਆਧਾਰ ’ਤੇ ਕਰੀਬ 1000 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਰਾਸ਼ੀ ਜਾਰੀ ਕੀਤੀ ਗਈ। ਐੱਫ. ਆਈ. ਆਰ. ’ਚ ਨਾਮਜ਼ਦ ਦੋਸ਼ੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਇਹ ਸ਼ਿਕਾਇਤ ਵਸੰਤ ਸਾਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਗਈ 500 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਨਾਲ ਜੁੜੀ ਹੈ, ਜਿਸ ’ਚ ਪੈਨ ਇੰਡੀਆ ਇੰਫਰਾ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸੀ। ਇਸ ਤੋਂ ਇਲਾਵਾ 480 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਡਿਜੀਟਲ ਸਬਸਕ੍ਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਗਈ ਸੀ, ਜਿਸ ’ਚ ਸਪਿਰਿਟ ਇੰਫਰਾ ਪਾਵਰ ਐਂਡ ਮਲਟੀ ਵੈਂਚਰਸ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸੀ।
ਸ਼ਿਕਾਇਤ ਦੇ ਅਨੁਸਾਰ, 500 ਕਰੋੜ ਰੁਪਏ ਦੀ ਵਸੰਤ ਸਾਗਰ ਕਰਜ਼ਾ ਸਹੂਲਤ ਨੂੰ ਰਿਹਾਇਸ਼ੀ ਇਕਾਈ ਦੇ ਐਕਵਾਇਰਮੈਂਟ, ਵਾਧੂ ਫੰਡਿੰਗ ਅਤੇ ਕਾਰੋਬਾਰੀ ਵਿਸਥਾਰ ਲਈ ਮਨਜ਼ੂਰੀ ਦਿੱਤੀ ਗਈ ਸੀ। ਇਸ ਕਰਜ਼ੇ ਲਈ 28 ਮਾਰਚ, 2018 ਨੂੰ ਸੁਭਾਸ਼ ਚੰਦਰਾ ਵੱਲੋਂ ਜਾਰੀ ਨਿਰੰਤਰ ਗਾਰੰਟੀ ਨੂੰ ਸੁਰੱਖਿਆ ਵਜੋਂ ਰੱਖਿਆ ਗਿਆ ਸੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ 480 ਕਰੋੜ ਰੁਪਏ ਦੀ ਡਿਜੀਟਲ ਕਰਜ਼ਾ ਸਹੂਲਤ ਨੂੰ ਵੱਖਰੇ ਕਰਜ਼ਾ ਖਾਤੇ ਦੇ ਹੇਠ ਕਿਰਾਇਆ ਜ਼ਮਾਨਤ ਯੋਜਨਾ ’ਚ ਕਿਰਾਇਆ ਛੋਟ ਸਹੂਲਤ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਕਰਜ਼ੇ ਲਈ ਵੀ ਚੰਦਰਾ ਵੱਲੋਂ ਜਾਰੀ ਨਿਰੰਤਰ ਗਾਰੰਟੀ ਨੂੰ ਸੁਰੱਖਿਆ ਵਜੋਂ ਰੱਖਿਆ ਗਿਆ ਸੀ।
