ਦਿੱਲੀ ''ਚ ਨੌਜਵਾਨ ਨੂੰ ਕੋਰੋਨਾ ਦੇ ਨਾਲ ਹੋਇਆ ਡੇਂਗੂ, ਹੈਰਾਨ ਕਰਨ ਵਾਲਾ ਅਜਿਹਾ ਪਹਿਲਾ ਮਾਮਲਾ

9/3/2020 12:28:08 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਅਤੇ ਡੇਂਗੂ ਦਾ ਡਬਲ ਅਟੈਕ ਇਕੱਠੇ ਦੇਖਣ ਨੂੰ ਮਿਲਿਆ ਹੈ। ਅਜਿਹੇ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜੋੜ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਉੱਥੇ ਹੀ ਡਾਕਟਰਾਂ ਨੇ ਹਿਦਾਇਤ ਦਿੰਦੇ ਹੋਏ ਕਿਹਾ ਕਿ ਮੌਜੂਦਾ ਮੌਸਮ ਨੂੰ ਦੇਖਦੇ ਹੋਏ ਹੁਣ ਕੋਰੋਨਾ ਨਾਲ ਡੇਂਗੂ ਦੀ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ ਤਾਂ ਕਿ ਮਰੀਜ਼ ਨੂੰ ਸਹੀ ਇਲਾਜ ਮਿਲ ਸਕੇ। ਮੀਡੀਆ ਰਿਪੋਰਟਸ ਅਨੁਸਾਰ ਦਿੱਲੀ ਦੇ ਮੂਲਚੰਦ ਹਸਪਤਾਲ 'ਚ ਇਕ 20 ਸਾਲਾ ਨੌਜਵਾਨ 'ਚ ਡੇਂਗੂ ਅਤੇ ਕੋਰੋਨਾ ਦੋਹਾਂ ਦੀ ਪੁਸ਼ਟੀ ਹੋਈ ਹੈ। ਮਾਮਲੇ 'ਚ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ 20 ਸਾਲ ਦੇ ਇਕ ਨੌਜਵਾਨ ਨੂੰ ਇਕ ਹਫ਼ਤੇ ਤੋਂ ਬੁਖਾਰ, ਗਲੇ 'ਚ ਖਰਾਸ਼ ਅਤੇ ਭੁੱਖ ਨਾਲ ਲੱਗਣ ਵਰਗੀਆਂ ਸ਼ਿਕਾਇਤਾਂ ਨਾਲ ਕਮਜ਼ੋਰੀ ਵੀ ਮਹਿਸੂਸ ਹੋ ਰਹੀ ਸੀ, ਜਿਸ ਨੂੰ ਲੈ ਕੇ ਨੌਜਵਾਨ ਹਸਪਤਾਲ 'ਚ ਇਲਾਜ ਲਈ ਆਇਆ ਸੀ।

ਨੌਜਵਾਨ ਦੀ ਕੋਰੋਨਾ ਜਾਂਚ ਕਰਨ 'ਤੇ ਉਹ ਪਾਜ਼ੇਟਿਵ ਪਾਇਆ ਗਿਆ ਪਰ ਕੁਝ ਦਿਨ ਬਾਅਦ ਉਸ ਦੇ ਪਲੇਟਲੈਟਸ ਵੀ ਘੱਟ ਹੋਣ ਲੱਗੇ। ਜਿਸ ਕਾਰਨ ਉਸ ਦੇ ਸਰੀਰ 'ਤੇ ਰੈਸ਼ੇਜ ਆਉਣ ਲੱਗੇ। ਪਰੇਸ਼ਾਨੀ ਵਧਣ 'ਤੇ ਨੌਜਵਾਨ ਦਾ ਡੇਂਗੂ ਟੈਸਟ ਹੋਇਆ, ਜੋ ਕਿ ਪਾਜ਼ੇਟਿਵ ਆਇਆ। ਹਾਲਾਂਕਿ ਨੌਜਵਾਨ ਹੁਣ ਪਹਿਲਾਂ ਨਾਲੋਂ ਠੀਕ ਹੈ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨ ਦੀਆਂ ਦੋਹਾਂ ਬੀਮਾਰੀਆਂ ਨੂੰ ਸਮੇਂ ਰਹਿੰਦੇ ਪਤਾ ਲਗਾ ਲਿਆ ਗਿਆ, ਜਿਸ ਕਾਰਨ ਉਸ ਨੂੰ ਸਹੀ ਇਲਾਜ ਮਿਲ ਸਕਿਆ ਅਤੇ ਉਸ ਦੀ ਜਾਨ ਬਚਾਈ ਜਾ ਸਕੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ 'ਚ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਡਾਕਟਰ ਨੇ ਹਿਦਾਇਤ ਦਿੰਦੇ ਹੋਏ ਕਿਹਾ ਕਿ ਜਿਸ ਕਿਸੇ ਨੂੰ ਵੀ ਬੁਖ਼ਾਰ ਮਹਿਸੂਸ ਹੋਵੇ ਉਹ ਕੋਰੋਨਾ ਜਾਂਚ ਨਾਲ ਡੇਂਗੂ ਦੀ ਵੀ ਜਾਂਚ ਜ਼ਰੂਰ ਕਰਵਾ ਲਵੇ ਤਾਂ ਕਿ ਸਮੇਂ ਰਹਿੰਦੇ ਉਸ ਦਾ ਸਹੀ ਇਲਾਜ ਕੀਤਾ ਜਾ ਸਕੇ।


DIsha

Content Editor DIsha