ਦਿੱਲੀ 'ਚ ਕੋਰੋਨਾ ਦਾ ਵੱਡਾ ਉਛਾਲ, ਅੰਤਿਮ ਸੰਸਕਾਰ ਲਈ ਜ਼ਮੀਨ ਭਾਲ ਰਹੀ ਹੈ ਕੇਜਰੀਵਾਲ ਸਰਕਾਰ
Tuesday, Jun 02, 2020 - 10:21 AM (IST)
ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਣ ਦਰਮਿਆਨ ਦਿੱਲੀ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟ ਤੋਂ ਨਵੇਂ ਮਰੀਜ਼ਾਂ ਦੇ ਰਹਿਣ ਲਈ ਉੱਚਿਤ ਸਥਾਨ ਲੱਭਣ ਅਤੇ ਅੰਤਿਮ ਸੰਸਕਾਰ ਅਤੇ ਦਫਨਾਉਣ ਦੇ ਅਧੀਨ ਜ਼ਮੀਨ ਚਿੰਨ੍ਹਿਤ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ 'ਚ ਕੋਰੋਨਾ ਦੇ ਮਾਮਲੇ 20 ਹਜ਼ਾਰ ਨੂੰ ਪਾਰ ਕਰ ਗਏ ਹਨ ਅਤੇ ਹੁਣ ਤੱਕ 523 ਲੋਕਾਂ ਦੀ ਮੌਤ ਹੋ ਚੁਕੀ ਹੈ। ਸੋਮਵਾਰ ਨੂੰ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਵਲੋਂ ਜਾਰੀ ਇਕ ਆਦੇਸ਼ 'ਚ ਜ਼ਿਲ੍ਹਾ ਮੈਜਿਸਟਰੇਟ ਨੂੰ ਕਿਹਾ ਗਿਆ ਹੈ ਕਿ ਉਹ ਚਿੰਨ੍ਹਿਤ ਕੀਤੇ ਗਏ ਕੰਪਲੈਕਸ ਅਤੇ ਭੂਮੀ ਸੰਬੰਧੀ ਜਾਣਕਾਰੀ ਬੁੱਧਵਾਰ ਤੱਕ ਉਸ ਨਾਲ ਸਾਂਝੀ ਕਰਨ।
ਆਦੇਸ਼ 'ਚ ਕਿਹਾ ਗਿਆ ਹੈ ਕਿ ਦਿੱਲੀ 'ਚ ਕੋਵਿਡ-19 ਰੋਗੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੋਵਿਡ ਬਿਸਤਰਿਆਂ ਦੀ ਸਮਰੱਥਾ ਵਧਾਉਣ ਦੀ ਯੋਜਨਾ ਪਹਿਲਾਂ ਤੋਂ ਤਿਆਰ ਕਰਨਾ ਲਾਜ਼ਮੀ ਹੈ ਅਤੇ ਅੰਤਿਮ ਸੰਸਕਾਰ ਕਰਨ ਅਤੇ ਦਫਨਾਉਣ ਲਈ ਜ਼ਮੀਨ ਦੀ ਪਛਾਣ ਜ਼ਰੂਰੀ ਹੈ।