ਸੋਸ਼ਲ ਡਿਸਟੈਂਸਿੰਗ ਦੀਆਂ ਉਡੀਆਂ ਧੱਜੀਆਂ, ਕੇਜਰੀਵਾਲ ਬੋਲੇ- ਪੂਰਾ ਏਰੀਆ ਕਰਾਂਗੇ ਸੀਲ

05/04/2020 6:47:58 PM

ਨਵੀਂ ਦਿੱਲੀ— ਲਾਕਡਾਊਨ-3 ਦੇ ਪਹਿਲੇ ਹੀ ਦਿਨ ਮਿਲੀ ਛੋਟ ਕਾਰਨ ਦਿੱਲੀ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡੀਆਂ। ਵੱਡੀ ਗਿਣਤੀ ਵਿਚ ਲੋਕ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਇਕੱਠੇ ਹੋਏ, ਜਿਸ ਕਾਰਨ ਕਈ ਥਾਵਾਂ 'ਤੇ ਅਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਦਿੱਲੀ ਵਿਚ ਅਜਿਹੀ ਸਥਿਤੀ ਬਣਨ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕੀਤਾ ਤਾਂ ਅਸੀਂ ਪੂਰਾ ਏਰੀਆ ਸੀਲ ਕਰਾਂਗੇ।

ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣਾ ਜ਼ਰੂਰੀ ਹੈ।  ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੰਨ ਚੀਜ਼ਾਂ ਨੂੰ ਯਕੀਨੀ ਬਣਾਉਣ- ਮਾਸਕ ਪਹਿਨਣ, ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ, ਸੋਸ਼ਲ ਡਿਸਟੈਂਸਿਗ ਦਾ ਪਾਲਣ ਕਰੋ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਧੋਵੋ। ਉਨ੍ਹਾਂ ਅੱਗੇ ਆਖਿਆ ਕਿ ਕੁਝ ਦੁਕਾਨਾਂ ਦੇ ਸਾਹਮਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ। ਇਸ ਕਾਰਨ ਉੱਥੇ ਅਫੜਾ-ਦਫੜੀ ਸਥਿਤੀ ਬਣ ਗਈ। ਇਸ ਨਾਲ ਤੁਹਾਡਾ ਹੀ ਨੁਕਸਾਨ ਹੋਇਆ। ਜੇਕਰ ਉੱਥੇ ਕਿਸੇ ਨੂੰ ਵੀ ਕੋਰੋਨਾ ਸੀ ਤਾਂ ਉਹ ਤੁਹਾਨੂੰ ਵੀ ਹੋ ਸਕਦਾ ਹੈ। ਇਹ ਤੁਹਾਡੇ ਪਰਿਵਾਰ ਦੀ ਖੁਸ਼ੀ ਅਤੇ ਦਿੱਲੀ ਦੇ ਲੋਕਾਂ ਦੀ ਸਿਹਤ ਲਈ ਕਹਿ ਰਿਹਾ ਹਾਂ। ਕੇਂਦਰ ਸਰਕਾਰ ਦੀ ਗਾਈਡਲਾਈਨ ਦੇ ਹਿਸਾਬ ਨਾਲ ਅਸੀਂ ਛੋਟ ਦਿੱਤੀ ਹੈ।

ਕੇਜਰੀਵਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਦੀ ਸਿਹਤ ਲਈ ਜੇਕਰ ਮੈਨੂੰ ਸਖਤ ਕਦਮ ਚੁੱਕਣੇ ਪਏ ਤਾਂ ਮੈਂ ਚੁੱਕਾਂਗਾ। ਕਿਤੇ ਜੇਕਰ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਤਾਂ ਸਾਨੂੰ ਉਸ ਇਲਾਕੇ ਨੂੰ ਸੀਲ ਕਰਨਾ ਹੋਵੇਗਾ। ਇਸ ਲਈ ਮੇਰੀ ਦਿੱਲੀ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਰਿਆਇਤਾਂ ਦਿੱਤੀਆਂ ਗਈਆਂ ਹਨ, ਉਸ 'ਚ ਸਹਿਯੋਗ ਕਰੋ। ਅਸੀਂ ਦਿੱਲੀ ਨੂੰ ਹੌਲੀ-ਹੌਲੀ ਖੋਲ੍ਹ ਰਹੇ ਹਾਂ। ਅਸੀਂ ਉਦੋਂ ਤੱਕ ਲਾਕਡਾਊਨ ਵਿਚ ਰਹਾਂਗੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਦੁਕਾਨ ਦੇ ਸਾਹਮਣੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਉਸ ਨੂੰ ਵੀ ਸੀਲ ਕਰਾਂਗੇ। ਦੁਕਾਨਦਾਰਾਂ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾ ਨੂੰ ਹਰ ਹਾਲ ਵਿਚ ਹਰਾਉਣਾ ਹੈ।


Tanu

Content Editor

Related News