ਦਿੱਲੀ ਹਵਾਈ ਅੱਡੇ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਚੁੱਕਿਆ ਗਿਆ ਇਹ ਕਦਮ
Monday, May 11, 2020 - 08:29 PM (IST)
ਨਵੀਂ ਦਿੱਲੀ (ਏ.ਐਨ.ਆਈ.)- ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਦਿੱਲੀ ਹਵਾਈ ਅੱਡੇ 'ਤੇ ਸਤ੍ਹਾ, ਲੈਪਟਾਪ ਸਣੇ ਹੋਰ ਥਾਵਾਂ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਪਰਾ-ਬੈਂਗਣੀ ਕਿਰਣਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਹ ਕਾਰਜ ਮੋਬਾਇਲ ਟਾਵਰ ਅਤੇ ਟਾਰਚ ਰਾਹੀਂ ਕੀਤਾ ਜਾ ਰਿਹਾ ਹੈ। ਯਾਤਰੀਆਂ ਦੇ ਸਾਮਾਨਾਂ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਦਿੱਲੀ ਹਵਾਈ ਅੱਡੇ ਦੇ ਟਰਮੀਨਲ ਤਿੰਨ 'ਤੇ ਯੂ.ਵੀ. ਟਨਲ ਬਣਾਇਆ ਗਿਆ ਹੈ।
ਦਿੱਲੀ ਕੌਮਾਂਤਰੀ ਹਵਾਈ ਅੱਡੇ ਲਿਮਟਿਡ (ਡੀ.ਆਈ.ਏ.ਐਲ.) ਨੇ ਕਿਹਾ ਕਿ ਮੋਬਾਇਲ ਟਾਵਰ ਘੇਰਾਬੰਦੀ ਕੀਤੇ ਗਏ ਇਕ ਖੇਤਰ ਵਿਚ ਰੱਖੇ ਗਏ ਹਨ ਅਤੇ ਉਨ੍ਹਾਂ ਅੰਦਰ ਲੱਗੇ ਯੂ.ਵੀ. ਲੈਂਪ ਦਾ ਇਸਤੇਮਾਲ ਇਨਫੈਕਸ਼ਨ ਮੁਕਤ ਕਰਨ ਲਈ ਕੀਤਾ ਜਾ ਰਿਹਾ ਹੈ। ਜਿਵੇਂ ਹੀ ਖੇਤਰ ਇਨਫੈਕਸ਼ਨ ਮੁਕਤ ਹੋ ਜਾਵੇਗਾ, ਉਂਝ ਹੀ ਯੂ.ਵੀ. ਪਾਵਰ ਬੰਦ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਟਾਵਰ ਨੂੰ ਕਿਸੇ ਹੋਰ ਥਾਂ 'ਤੇ ਇਨਫੈਕਸ਼ਨ ਮੁਕਤ ਕਰਨ ਲਈ ਰੱਖਿਆ ਜਾਵੇਗਾ। ਟਾਰਚ ਦੀ ਵਰਤੋਂ ਡੈਸਕਟਾਪ, ਲੈਪਟਾਪ ਅਤੇ ਹੋਰ ਯੰਤਰਾਂ ਨੂੰ ਵਾਇਰਸ ਮੁਕਤ ਕਰਨ ਲਈ ਕੀਤਾ ਜਾਵੇਗਾ। ਇਹ ਰੋਗਾਣੂੰਮੁਕਤ ਕਰਨ ਵਾਲੇ ਲੈਂਪ ਪਰਾ ਬੈਂਗਣੀ ਕਿਰਣਾਂ ਪੈਦਾ ਕਰਦੇ ਹਨ। ਇਹ ਛੋਟੀ ਤਰੰਗ ਵਾਲੀਆਂ ਕਿਰਣਾਂ ਬੈਕਟੀਰੀਆ, ਵਾਇਰਸ ਅਤੇ ਪ੍ਰੋਟੋਜ਼ੋਆ ਨੂੰ ਖਤਮ ਕਰ ਦਿੰਦੀਆਂ ਹਨ।
ਬੂਟਾਂ ਨਾਲ ਵੀ ਇਨਫੈਕਸ਼ਨ ਦਾ ਖਤਰਾ, ਪੈਰਾਂ ਨਾਲ ਚੱਲੇਗੀ ਸੈਨੇਟਾਈਜ਼ਰ ਮਸ਼ੀਨ
ਡੀ.ਆਈ.ਏ.ਐਲ. ਨੇ ਕਿਹਾ ਕਿ ਬੂਟ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਪ੍ਰਸਾਰ ਦਾ ਸਰੋਤ ਹੋ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਵੀ ਇਨਫੈਕਸ਼ਨ ਮੁਕਤ ਕਰਨ ਲਈ ਜ਼ਰੂਰੀ ਥਾਵਾਂ 'ਤੇ ਚਟਾਈ ਰੱਖੀ ਜਾਵੇਗੀ। ਇਨ੍ਹਾਂ ਚਟਾਈਆਂ ਵਿਚ ਇਨਫੈਕਸ਼ਨ ਮੁਕਤ ਕਰਨ ਵਾਲੇ ਰਸਾਇਣ ਹੋਣਗੇ। ਵਾਸ਼ਰੂਮ ਵਿਚ ਸੈਂਸਰ ਯੁਕਤ ਟੈਪ ਲੱਗੇ ਹੋਣਗੇ, ਪੈਰ ਨਾਲ ਚੱਲ ਕੇ ਆਉਣ ਵਾਲੀ ਸੈਨੇਟਾਈਜ਼ਰ ਮਸ਼ੀਨ ਲਗਾਈ ਜਾਵੇਗੀ, ਪੀਣ ਵਾਲਾ ਪਾਣੀ ਵੀ ਭਰਿਆ ਜਾਵੇਗਾ।