ਦਿੱਲੀ ਹਵਾ ਪ੍ਰਦੂਸ਼ਣ : ਪਰਾਲੀ ਸਾੜਨ ਕਾਰਨ ਖਤਰੇ ਦੇ ਨਿਸ਼ਾਨ 'ਤੇ ਪਹੁੰਚਿਆ AQI ਲੈਵਲ
Wednesday, Oct 31, 2018 - 01:09 PM (IST)

ਨਵੀਂ ਦਿੱਲੀ— ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਮਾਮਲੇ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐੱਸ.ਐੱਸ. ਮਾਰਵਾਹ ਨੇ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਰਾਜਨੀਤੀ ਤੇ ਬਲੇਮ ਗੇਮ ਨਾ ਖੇਡੀ ਜਾਵੇ। ਦਿੱਲੀ 'ਚ ਪ੍ਰਦੂਸ਼ਣ ਲਈ ਸੂਬਾ ਖੁਦ ਜ਼ਿੰਮੇਵਾਰ ਹੈ। ਇਸ ਹਫਤੇ ਦੇ ਅੰਤ ਤਕ ਪੰਜਾਬ ਦੇ ਖੇਤਾਂ 'ਚ ਪਰਾਲੀ ਸਾੜਨ ਦੇ ਮਾਮਲੇ 'ਚ ਕਾਫੀ ਵਾਧਾ ਹੋਇਆ ਹੈ, ਜਿਸ ਨੂੰ ਸੈਟੇਲਾਈਟ ਦੇ ਜ਼ਰੀਏ ਦਿਖਾਇਆ ਗਿਆ ਹੈ ਇਸ ਨਾਲ ਹੀ ਉੱਤਰੀ ਭਾਰਤ 'ਚ ਹਵਾ ਦੀ ਗਤੀ 'ਚ ਕਾਫੀ ਕਮੀ ਆਈ ਹੈ। ਜਿਸ ਦੇ ਨਤੀਜੇ ਵਜੋਂ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਮੰਗਲਵਾਰ ਨੂੰ ਕਾਫੀ ਖਰਾਬ ਹੋ ਗਈ। ਜੇਕਰ ਪਿਛਲੇ 10 ਦਿਨਾਂ 'ਚ ਏਅਰ ਕੁਆਲਿਟੀ ਇੰਡੈਕਸ (AQI) ਲੈਵਲ ਦੀ ਜਾਂਚ ਕਰੀਏ ਤਾਂ ਪੰਜਾਬ 'ਚ ਔਸਤ ਏ.ਕਯੂ.ਆਈ. 160 ਹੈ ਤੇ ਦਿੱਲੀ 'ਚ ਔਸਤਨ ਇਹ 401 ਹੈ। ਐੱਨ.ਸੀ.ਆਰ. 'ਚ ਪਹਿਲਾਂ ਹੀ ਇਹ ਅੰਕੜਾ 400 ਤੋਂ ਜ਼ਿਆਦਾ ਹੈ।
ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਦੇ 17 ਇਲਾਕਿਆਂ 'ਚ ਹਵਾ ਗੁਣਵੱਤਾ ਗੰਭੀਰ ਪੱਧਰ 'ਤੇ ਪਹੁੰਚ ਚੁੱਕੀ ਹੈ। ਜ਼ਿਕਰਯੋਗ ਹੈ ਕਿ 0-50 ਵਿਚਾਲੇ ਏ.ਕਯੂ.ਆਈ. ਵਧੀਆ ਮੰਨਿਆ ਜਾਂਦਾ ਹੈ, 51-100 ਵਿਚਾਲੇ ਸੰਤੁਸ਼ਟੀ ਭਰਿਆ, 101-200 ਵਿਚਾਲੇ 'ਮੱਧ' ਵਰਗ, 201 ਤੋਂ 300 ਵਿਚਾਲੇ ਖਰਾਬ ਹਵਾ ਦੱਸਿਆ ਜਾਂਦਾ ਹੈ ਤੇ 401 ਤੋਂ 500 ਵਿਚਾਲੇ ਇਹ ਗੰਭੀਰ ਨਿਸ਼ਾਨ 'ਤੇ ਪਹੁੰਚ ਜਾਂਦਾ ਹੈ।
ਕੇਂਦਰ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਤੇ ਖੋਜ ਪ੍ਰਣਾਲੀ (ਐੱਸ.ਏ.ਐੱਫ.ਏ.ਆਰ.) ਨੇ ਹਵਾ ਗੁਣਵੱਤਾ ਦੀ ਗੰਭੀਰ ਹੁੰਦੀ ਸਥਿਤੀ ਦੇ ਪਿਛਲੇ 24 ਘੰਟੇ 'ਚ 'ਭਾਰੀ' ਮਾਤਰਾ 'ਚ ਪਰਾਲੀ ਸਾੜਨ ਤੇ ਹਵਾ ਦੀ ਸ਼ਾਂਤ ਗਤੀ ਨੂੰ ਕਾਰਨ ਦੱਸਿਆ ਹੈ। ਐੱਸ.ਏ.ਐੱਫ.ਏ.ਆਰ. ਨੇ ਦੱਸਿਆ ਕਿ ਮੰਗਲਵਾਰ ਨੂੰ PM 2.5 (ਹਵਾ 'ਚ 2.5 ਮਾਇਕ੍ਰੋਮੀਟਰ ਤੋਂ ਵੀ ਘੱਟ ਮੋਟਾਈ ਵਾਲੇ ਕਣਾਂ ਦੀ ਮੌਜੂਦਗੀ) ਵੱਲੋਂ 28 ਫੀਸਦੀ ਪ੍ਰਦੂਸ਼ਣ ਦਾ ਕਾਰਨ ਪਰਾਲੀ ਸਾੜਨਾ ਰਿਹਾ।
PM 2.5 ਇਸ ਮੌਸਮ ਦਾ ਸਭ ਤੋਂ ਵਧ 251 ਦਰਜ ਕੀਤਾ ਗਿਆ। PM 10 ਦੇ ਮੁਕਾਬਲੇ ਬਾਰੀਕ ਕਣ ਸਿਹਤ ਦੇ ਲਿਹਾਜ ਨਾਲ ਕਾਫੀ ਚਿੰਤਾਜਨਕ ਹੋ ਸਕਦੇ ਹਨ। ਸੀ.ਪੀ.ਸੀ.ਬੀ. ਦੇ ਅੰਕੜਿਆਂ ਮੁਤਾਬਕ ਦਿੱਲੀ 'ਚ PM10 ਦਾ ਪੱਧਰ 453 ਦਰਜ ਕੀਤਾ ਗਿਆ। ਐੱਸ.ਏ.ਐੱਫ.ਏ.ਆਰ. ਨੇ ਦੱਸਿਆ ਕਿ ਕੱਲ ਤੇ ਉਸ ਦੇ ਅਗਲੇ ਦਿਨ ਪ੍ਰਦੂਸ਼ਣ ਹੋਰ ਵਧਣ ਦਾ ਖਦਸ਼ਾ ਹੈ। ਉਸ ਨੇ ਕਿਹਾ, 'ਹਵਾ ਪ੍ਰਦੂਸ਼ਣ ਅਗਲੇ ਤਿੰਨ ਦਿਨਾਂ ਲਈ ਕਾਫੀ ਖਰਾਬ ਪੱਧਰ 'ਤੇ ਦਰਜ ਕੀਤਾ ਜਾਵੇਗਾ। ਪਿਛਲੇ 24 ਘੰਟਿਆਂ 'ਚ ਭਾਰੀ ਮਾਤਰਾ 'ਚ ਪਰਾਲੀ ਸਾੜਨਾ ਇਸ ਦਾ ਕਾਰਨ ਹੈ। ਮੌਸਮ ਵਿਭਾਗ ਨੇ ਸੈਟੇਲਾਈਟ ਦੇ ਜ਼ਰੀਏ ਦਿੱਲੀ ਦੇ ਗੁਆਂਢੀ ਸੂਬਿਆਂ 'ਚ ਵੱਡੀ ਮਾਤਰਾ 'ਚ ਪਰਾਲੀ ਸਾੜਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਧੂੰਏ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਧੁੰਏ ਦੀ ਇਕ ਮੋਟੀ ਚਾਦਰ ਵਿੱਛ ਗਈ ਹੈ।