ਦਿੱਲੀ ਦੇ 15 ਹਸਪਤਾਲਾਂ ''ਚ ਚੱਲ ਰਿਹਾ ਹੈ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ : ਸਤੇਂਦਰ ਜੈਨ
Saturday, May 22, 2021 - 06:15 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਬਲੈਕ ਫੰਗਸ (ਮਿਊਕੋਰਮਾਈਕੋਸਿਸ) ਦੇ ਵੱਧਦੇ ਮਾਮਲਿਆਂ ਦਰਮਿਆਨ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੇ ਕਰੀਬ 15 ਹਸਪਾਤਲਾਂ 'ਚ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜੈਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਡਾਕਟਰ ਦੀ ਸਲਾਹ ਦੇ ਬਿਨਾਂ ਕੋਈ ਦਵਾਈ ਨਾ ਲਵੋ, ਵਿਸ਼ੇਸ਼ ਰੂਪ ਨਾਲ ਸਟੇਰਾਇਡ ਲੈਣ ਤੋਂ ਬਚੋ। ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਸਮੇਤ ਕਈ ਦੇ ਕਈ ਹਿੱਸਿਆਂ 'ਚ ਬਲੈਕ ਫੰਗਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਤੱਕ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ 'ਚ ਬਲੈਕ ਫੰਗਸ ਦੇ 197 ਮਾਮਲੇ ਸਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ 'ਚ ਅਜਿਹੇ ਲੋਕ ਵੀ ਹਨ, ਜੋ ਇਲਾਜ ਕਰਵਾਉਣ ਲਈ ਦਿੱਲੀ ਦੇ ਬਾਹਰ ਤੋਂ ਆਏ ਹਨ। ਦਰਅਸਲ ਬਲੈਕ ਫੰਗਸ ਇਕ ਅਜਿਹੀ ਬੀਮਾਰੀ ਹੈ, ਜੋ ਕੋਰੋਨਾ ਤੋਂ ਠੀਕ ਹੋ ਚੁਕੇ ਲੋਕਾਂ 'ਚ ਸਾਹਮਣੇ ਆ ਰਹੀ ਹੈ।
ਇਸ ਨਾਲ ਸੰਕ੍ਰਮਿਤ ਵਿਅਕਤੀ ਦੀ ਨੱਕ, ਅੱਖ ਅਤੇ ਸਾਈਨਸ ਪ੍ਰਭਾਵਿਤ ਹੋ ਰਹੀ ਹੈ। ਇਸ ਨਾਲ ਅਜਿਹੇ ਲੋਕਾਂ ਨੂੰ ਵੱਧ ਖ਼ਤਰਾ ਹੈ, ਜਿਨ੍ਹਾਂ ਦਾ ਇਮਿਊਨਿਟੀ ਤੰਤਰ ਕਮਜ਼ੋਰ ਹੈ ਅਤੇ ਉਹ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਹਨ। ਜੈਨ ਨੇ ਕਿਹਾ,''ਇਸ ਤੋਂ ਪਹਿਲਾਂ ਆਮ ਤੌਰ 'ਤੇ ਇਕ ਸਾਲ 'ਚ ਬਲੈਕ ਫੰਗਸ ਦੇ 30 ਤੋਂ 50 ਮਾਮਲੇ ਸਾਹਮਣੇ ਆਉਂਦੇ ਸਨ ਪਰ ਇਸ ਵਾਰ ਇਹ ਗਿਣਤੀ ਕਾਫ਼ੀ ਵੱਧ ਹੈ। ਇਸ ਵਾਰ ਇਹ ਸੰਕਰਮਣ ਕੋਰੋਨਾ ਤੋਂ ਠੀਕ ਹੋ ਚੁਕੇ ਲੋਕਾਂ 'ਚ ਸਾਹਮਣੇ ਆ ਰਿਹਾ ਹੈ, ਇਸ ਲਈ ਸਾਨੂੰ ਵੱਧ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਤੇ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਹੋਵੇਗਾ, ਜੋ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਸਨ, ਵਿਸ਼ੇਸ਼ ਰੂਪ ਨਾਲ ਜਿਨ੍ਹਾਂ ਨੂੰ ਇਲਾਜ ਲਈ ਸਟੇਰਾਇਡ ਦਿੱਤੇ ਗਏ। ਬਲੈਕ ਫੰਗਸ ਨਾਲ ਪੀੜਤ ਹੋਣ ਵਾਲਿਆਂ 'ਚ ਅਜਿਹੇ ਲੋਕ ਵੱਧ ਹਨ, ਜਿਨ੍ਹਾਂ ਦਾ ਸ਼ੂਗਰ ਪੱਧਰ ਸਥਿਰ ਨਹੀਂ ਰਹਿੰਦਾ ਹੈ।''
ਦਿੱਲੀ 'ਚ ਕਰੀਬ 8 ਤੋਂ 10 ਨਿੱਜੀ ਹਸਪਤਾਲ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਤਿੰਨ ਹਸਪਤਾਲ ਅਤੇ ਕੇਂਦਰ ਸਰਕਾਰ ਵਲੋਂ ਸੰਚਾਲਿਤ ਏਮਜ਼ ਅਤੇ ਸਫ਼ਦਰਜੰਗ ਹਸਪਤਾਲ 'ਚ ਵੀ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਇਸ ਤਰ੍ਹਾਂ ਦਿੱਲੀ 'ਚ ਕਰੀਬ 15-16 ਹਸਪਤਾਲਾਂ 'ਚ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।'' ਭਵਿੱਖ 'ਚ ਬਲੈਕ ਫੰਗਸ ਦੇ ਮਾਮਲੇ ਵੱਧਣ ਦੇ ਸਵਾਲ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ 'ਚ ਇਸ ਵਾਰ ਵੱਡੀ ਗਿਣਤੀ 'ਚ ਲੋਕ ਕੋਰੋਾ ਨਾਲ ਪੀੜਤ ਪਾਏ, ਜਿਨ੍ਹਾਂ 'ਚੋਂ ਕਈ ਲੋਕਾਂ ਨੂੰ ਇਲਾਜ ਦੌਰਾਨ ਸਟੇਰਾਇਡ ਦਿੱਤੇ ਗਏ, ਇਸ ਲਈ ਸਾਨੂੰ ਵੱਧ ਚੌਕਸ ਰਹਿਣ ਦੀ ਜ਼ਰੂਰਤ ਹੈ।