ਦਿੱਲੀ: ਮਧੁਕਰ ਰੇਨਬੋ ਹਸਪਤਾਲ ’ਚ ਆਕਸੀਜਨ ਦੀ ਘਾਟ, ਖ਼ਤਰੇ ’ਚ 50 ਜਾਨਾਂ

Sunday, May 02, 2021 - 02:08 PM (IST)

ਦਿੱਲੀ: ਮਧੁਕਰ ਰੇਨਬੋ ਹਸਪਤਾਲ ’ਚ ਆਕਸੀਜਨ ਦੀ ਘਾਟ, ਖ਼ਤਰੇ ’ਚ 50 ਜਾਨਾਂ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮਧੁਕਰ ਰੇਨਬੋ ਚਿਲਡਰਨ ਹਸਪਤਾਲ ਨੇ ਐਤਵਾਰ ਨੂੰ ਆਪਣੇ ਇੱਥੇ ਆਕਸੀਜਨ ਦਾ ਭੰਡਾਰ ਖਤਮ ਹੋਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ 4 ਨਵਜੰਮੇ ਬੱਚਿਆਂ ਸਮੇਤ 50 ਲੋਕਾਂ ਦੀ ਜਾਨ ਖ਼ਤਰੇ ਵਿਚ ਹਨ। ਮਾਲਵੀਯ ਨਗਰ ਸਥਿਤ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਸਪਤਾਲ ’ਚ ਕਰੀਬ 80 ਮਰੀਜ਼ ਹਨ, ਜਿਨ੍ਹਾਂ ’ਚ ਕੋਵਿਡ-19 ਦੇ ਮਰੀਜ਼ ਵੀ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚ 15 ਨਵਜੰਮੇ ਬੱਚੇ ਵੀ ਸ਼ਾਮਲ ਹਨ। ਹਸਪਤਾਲ ਵਿਚ ਤਰਲ ਆਕਸੀਜਨ ਦੇ ਭੰਡਾਰ ਲਈ ਟੈਂਕ ਨਹੀਂ ਹਨ ਅਤੇ ਉਸ ਦੀ ਨਿਰਭਰਤਾ ਨਿੱਜੀ ਵਿਕ੍ਰੇਤਾ ਤੋਂ ਆਕਸੀਜਨ ਸਿਲੰਡਰਾਂ ਦੀ ਸਪਲਾਈ ’ਤੇ ਹੈ। ਅਧਿਕਾਰੀ ਨੇ ਕਿਹਾ ਕਿ ਲਗਾਤਾਰ ਸਪਲਾਈ ਦੀ ਘਾਟ ਕਾਰਨ ਇੱਥੇ ਇਹ ਰੋਜ਼ਾਨਾ ਦੀ ਲੜਾਈ ਬਣ ਗਈ ਹੈ। ਸਾਨੂੰ ਹਰ ਦਿਨ ਕਰੀਬ 125 ਆਕਸੀਜਨ ਸਿਲੰਡਰਾਂ ਦੀ ਲੋੜ ਪੈਂਦੀ ਹੈ। 

ਦੱਸ ਦੇਈਏ ਕਿ ਸ਼ਨੀਵਾਰ ਨੂੰ ਕੋਵਿਡ-19 ਦੇ 12 ਮਰੀਜ਼ਾਂ ਦੀ ਦੱਖਣੀ ਦਿੱਲੀ ਦੇ ਬਤਰਾ ਹਸਪਤਾਲ ’ਚ ਮੌਤ ਹੋ ਗਈ ਸੀ, ਜਦੋਂ ਦੁਪਹਿਰ ’ਚ ਕਰੀਬ 80 ਮਿੰਟ ਤੱਕ ਹਸਪਤਾਲ ਕੋਲ ਮੈਡੀਕਲ ਆਕਸੀਜਨ ਨਹੀਂ ਸੀ। ਮਿ੍ਰਤਕਾਂ ਵਿਚ ਇਕ ਸੀਨੀਅਰ ਡਾਕਟਰ ਵੀ ਸ਼ਾਮਲ ਹੈ। ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਵੱਧਣ ਨਾਲ ਦਿੱਲੀ ਦੇ ਕਈ ਹਸਪਤਾਲ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ।


author

Tanu

Content Editor

Related News