ਦਿੱਲੀ-NCR ''ਚ ਫਿਰ ਵਧੀ ਠੰਡ, 30 ਜਨਵਰੀ ਤੱਕ ਰਾਹਤ ਨਹੀਂ
Tuesday, Jan 28, 2020 - 12:06 PM (IST)

ਨਵੀਂ ਦਿੱਲੀ— ਪਿਛਲੇ ਕਰੀਬ 2 ਮਹੀਨਿਆਂ ਤੋਂ ਕੜਾਕੇ ਦੀ ਠੰਡ ਝੱਲ ਰਹੇ ਦਿੱਲੀ-ਐੱਨ.ਸੀ.ਆਰ. ਵਾਸੀਆਂ ਨੂੰ ਹਾਲੇ ਇਸ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ ਹੈ। ਸੋਮਵਾਰ ਰਾਤ ਹੋਈ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ 30 ਤਾਰੀਕ ਤੱਕ ਲੋਕਾਂ ਨੂੰ ਕੜਾਕੇ ਦੀ ਠੰਡ ਝੱਲਣੀ ਹੋਵੇਗੀ। ਮੌਸਮ ਵਿਭਾਗ ਨੇ ਅੱਜ ਯਾਨੀ ਮੰਗਲਵਾਰ ਸ਼ਾਮ ਨੂੰ ਵੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਤਾਪਮਾਨ 'ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਦੌਰਾਨ ਵਧ ਤੋਂ ਵਧ ਤਾਪਮਾਨ 7 ਡਿਗਰੀ ਤੋਂ ਹੇਠਾਂ ਜਾਣ ਦਾ ਅਨੁਮਾਨ ਹੈ।
30 ਜਨਵਰੀ ਤੋਂ ਬਾਅਦ ਧੁੱਪ
ਮੌਸਮ ਵਿਭਾਗ ਅਨੁਸਾਰ, ਮੰਗਲਵਾਰ ਸ਼ਾਮ ਨੂੰ ਵੀ ਬਾਰਸ਼ ਦਾ ਅਨੁਮਾਨ ਹੈ। ਦਿੱਲੀ 'ਚ ਕਿਤੇ-ਕਿਤੇ ਗੜੇ ਵੀ ਪੈ ਸਕਦੇ ਹਨ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ 2 ਦਿਨਾਂ ਤੱਕ ਵਧ ਤੋਂ ਵਧ ਅਤੇ ਘੱਟ ਤੋਂ ਘੱਟ ਤਾਪਮਾਨ 'ਚ ਮਾਮੂਲੀ ਗਿਰਾਵਟ ਆਏਗੀ। ਫਿਰ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਨਾਲ ਅਚਾਨਕ ਠੰਡ ਵਧ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਿਨ ਦੇ ਸਮੇਂ ਸਰਦ ਹਵਾਵਾਂ ਪਰ 30 ਜਨਵਰੀ ਤੋਂ ਬਾਅਦ ਧੁੱਪ ਵੀ ਪੂਰੀ ਤਰ੍ਹਾਂ ਨਾਲ ਆਏਗੀ। ਇਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਬਾਰਸ਼ ਦਾ ਫਿਲਹਾਲ ਪ੍ਰਦੂਸ਼ਣ 'ਤੇ ਕੋਈ ਅਸਰ ਨਹੀਂ
ਦੱਸਣਯੋਗ ਹੈ ਕਿ ਸੋਮਵਾਰ ਨੂੰ ਅਚਾਨਕ ਮੌਸਮ ਬਦਲਿਆ। ਸਵੇਰ ਤੋਂ ਹੀ ਬੱਦਲ ਛਾਏ ਰਹੇ। ਧੁੰਦ ਕਾਰਨ ਸਰਦ ਹਵਾਵਾਂ ਵੀ ਚੱਲੀਆਂ। ਜਾਣਕਾਰਾਂ ਅਨੁਸਾਰ, ਪੱਛਮੀ ਗੜਬੜੀ ਦਾ ਅਸਰ ਉੱਤਰ ਭਾਰਤ 'ਤੇ ਬਣਿਆ ਹੋਇਆ ਹੈ। ਇਸ ਕਾਰਨ ਪਹਾੜੀ ਖੇਤਰਾਂ 'ਚ ਬਰਫ਼ਬਾਰੀ ਅਤੇ ਮੈਦਾਨੀ ਖੇਤਰ 'ਚ ਬਾਰਸ਼ ਹੋ ਸਕਦੀ ਹੈ। 2 ਦਿਨਾਂ ਤੱਕ ਠੰਡ ਵਧਣ ਨਾਲ ਸਵੇਰੇ ਅਤੇ ਸ਼ਾਮ ਧੁੰਦ ਵੀ ਹੋਵੇਗੀ। ਸੋਮਵਾਰ ਨੂੰ ਵਧ ਤੋਂ ਵਧ ਤਾਪਮਾਨ 20 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਰਿਕਾਰਡ ਕੀਤਾ ਗਿਆ। ਬਾਰਸ਼ ਦਾ ਫਿਲਹਾਲ ਪ੍ਰਦੂਸ਼ਣ 'ਤੇ ਕੋਈ ਅਸਰ ਹੁੰਦਾ ਨਹੀਂ ਦਿੱਸ ਰਿਹਾ ਹੈ। ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਇਹ ਮੰੰਗਲਵਾਰ ਸਵੇਰੇ ਬੇਹੱਦ ਖਰਾਬ ਅਤੇ ਖਰਾਬ ਪੱਧਰ 'ਤੇ ਬਣਿਆ ਹੋਇਆ ਸੀ।