ਤਨਖ਼ਾਹ ਵਧਾਉਣ ਤੋਂ ਇਨਕਾਰ ''ਤੇ ਕਰਮਚਾਰੀ ਨੇ ਬਾਈਕ ਸ਼ੋਅਰੂਮ ''ਚ ਕੀਤੀ 6 ਲੱਖ ਦੀ ਚੋਰੀ
Tuesday, Jan 07, 2025 - 04:27 PM (IST)
ਨਵੀਂ ਦਿੱਲੀ- ਦਿੱਲੀ ਵਿਚ ਬਾਈਕ ਦੇ ਇਕ ਸ਼ੋਅਰੂਮ ਵਿਚੋਂ 6 ਲੱਖ ਰੁਪਏ ਅਤੇ ਇਲੈਕਟ੍ਰਾਨਿਕ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਾਈਕ ਦੇ ਸ਼ੋਅਰੂਮ ਵਿਚ ਵਰਕਰ 20 ਸਾਲਾ ਕਰਮੀ ਨੇ ਤਨਖਾਹ ਵਧਾਉਣ ਦੀ ਬੇਨਤੀ ਕੀਤੀ ਸੀ ਪਰ ਤਨਖਾਹ ਵਧਾਉਣ ਤੋਂ ਇਨਕਾਰ ਕਰਨ 'ਤੇ ਉਸ ਨੇ ਸ਼ੋਅਰੂਮ ਵਿਚ ਹੀ ਚੋਰੀ ਕਰ ਲਈ।
ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਵਿਚਾਰ ਵੀਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਹਸਨ ਖਾਨ ਕੋਲੋਂ 5 ਲੱਖ ਰੁਪਏ ਅਤੇ ਦੋ ਮਹਿੰਗੇ ਕੈਮਰੇ ਬਰਾਮਦ ਕੀਤੇ ਹਨ। ਬਾਕੀ ਚੋਰੀ ਹੋਏ ਸਮਾਨ ਦੀ ਬਰਾਮਦਗੀ ਲਈ ਯਤਨ ਕੀਤੇ ਜਾ ਰਹੇ ਹਨ। ਡੀ. ਸੀ. ਪੀ ਨੇ ਦੱਸਿਆ ਕਿ 31 ਦਸੰਬਰ ਨੂੰ ਪੱਛਮੀ ਦਿੱਲੀ ਦੇ ਨਾਰਾਇਣਾ ਵਿਚ ਸਥਿਤ ਸ਼ੋਅਰੂਮ ਵਿਚੋਂ 6 ਲੱਖ ਰੁਪਏ ਦੀ ਨਕਦੀ ਅਤੇ ਕੁਝ ਇਲੈਕਟ੍ਰਾਨਿਕ ਸਾਮਾਨ ਚੋਰੀ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ 100 ਤੋਂ ਵੱਧ ਸੀ. ਸੀ. ਟੀ. ਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਸ਼ੋਅਰੂਮ ਦੇ ਹੋਰ ਕਰਮੀਆਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੁਲਸ ਨੂੰ ਖਾਨ ਦੀ ਸ਼ਮੂਲੀਅਤ ਦਾ ਪਤਾ ਲੱਗਾ।
ਇਕ ਸਾਲ ਤੋਂ ਵੱਧ ਸਮੇਂ ਤੋਂ ਸ਼ੋਅਰੂਮ ਵਿਚ ਕੰਮ ਕਰ ਰਹੇ ਤਕਨੀਕੀ ਕਰਮੀ ਖਾਨ ਨੇ ਆਪਣੀ ਪਛਾਣ ਲੁਕਾਉਣ ਲਈ ਚੋਰੀ ਦੌਰਾਨ ਸ਼ੋਅਰੂਮ ਦੀ ਬਿਜਲੀ ਕੱਟ ਦਿੱਤੀ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਰੀ ਕਰਦੇ ਸਮੇਂ ਉਸ ਨੇ ਆਪਣੀ ਪਛਾਣ ਲੁਕਾਉਣ ਲਈ ਹੈਲਮੇਟ ਵੀ ਪਾਇਆ ਹੋਇਆ ਸੀ। ਪੁੱਛ-ਪੜਤਾਲ ਦੌਰਾਨ ਖਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦਾਅਵਾ ਕੀਤਾ ਕਿ ਉਹ ਸ਼ੋਅਰੂਮ ਮੈਨੇਜਮੈਂਟ ਵੱਲੋਂ ਤਨਖਾਹ ਵਾਧੇ ਦੀ ਬੇਨਤੀ ਨੂੰ ਠੁਕਰਾਏ ਜਾਣ ਤੋਂ ਨਾਰਾਜ਼ ਸੀ।