ਦਿੱਲੀ : ਸੜਕ ਹਾਦਸੇ ''ਚ ਡਾਕਟਰ ਦੀ ਮੌਤ
Tuesday, Apr 14, 2020 - 04:08 PM (IST)
ਨਵੀਂ ਦਿੱਲੀ (ਭਾਸ਼ਾ)— ਦੱਖਣੀ ਦਿੱਲੀ ਦੇ ਸਾਕੇਤ 'ਚ ਕੰਮ ਤੋਂ ਵਾਪਸ ਆ ਰਹੇ ਡਾਕਟਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਕਾਰ ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੂੰ ਸ਼ੱਕ ਹੈ ਕਿ ਇਹ 'ਹਿਟ ਐਂਡ ਰਨ' ਦਾ ਮਾਮਲਾ ਹੈ, ਜਿਸ 'ਚ ਡਾਕਟਰ ਦੀ ਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਡਰਾਈਵਰ ਦੌੜ ਗਿਆ। ਉਨ੍ਹਾਂ ਨੇ ਦੱਸਿਆ ਕਿ ਡਾ. ਜੇ. ਪੀ. ਯਾਦਵ ਮਹਰੌਲੀ ਸਥਿਤ ਐੱਮ. ਸੀ. ਡੀ. ਦੀ ਡਿਸਪੈਂਸਰੀ 'ਚ ਤਾਇਨਾਤ ਸਨ। ਇਹ ਹਾਦਸਾ ਸੋਮਵਾਰ ਨੂੰ ਵਾਪਰਿਆ। ਪੁਲਸ ਮੁਤਾਬਕ ਡਾਕਟਰ ਦੀ ਕਾਰ 'ਚ ਕੁਝ ਤਕਨੀਕੀ ਖਾਮੀ ਆ ਗਈ ਸੀ ਅਤੇ ਲਾਕਡਾਊਨ ਕਾਰਨ ਉਹ ਇਸ ਨੂੰ ਠੀਕ ਨਹੀਂ ਕਰਵਾ ਸਕੇ ਸਨ। ਇਸ ਲਈ ਉਨ੍ਹਾਂ ਨੇ ਸਾਈਕਲ ਤੋਂ ਕੰਮ 'ਤੇ ਜਾਣ ਦਾ ਫੈਸਲਾ ਕੀਤਾ ਸੀ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਦੁਪਹਿਰ ਕਰੀਬ ਸਾਢੇ 3 ਵਜੇ ਡਿਸਪੈਂਸਰੀ ਪਹੁੰਚੇ ਅਤੇ ਘਰ ਵਾਪਸ ਪਰਤਣ ਦੌਰਾਨ ਉਹ ਮਾਲਵੀਯ ਨਗਰ ਟ੍ਰੈਫਿਕ ਸਿੰਗਨਲ ਕੋਲ ਸੱਜੇ ਮੁੜ ਰਹੇ ਸਨ, ਉਦੋਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪਿੱਛੇ ਕਾਰ 'ਚ ਆ ਰਹੇ ਡਾਕਟਰ ਦੇ ਸਹਿਯੋਗੀ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਗਏ, ਹਾਲਾਂਕਿ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸਾਕੇਤ ਪੁਲਸ ਥਾਣੇ 'ਚ ਇਸ ਸਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਕੇ ਅਗਿਆਤ ਵਾਹਨ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।