1,000 ਤੋਂ ਵਧੇਰੇ ਯਾਤਰੀ ''ਸਪੈਸ਼ਲ ਟਰੇਨ'' ਰਾਹੀਂ ਦਿੱਲੀ ਤੋਂ ਹਾਵੜਾ ਪੁੱਜੇ

05/14/2020 7:14:46 PM

ਕੋਲਕਾਤਾ (ਭਾਸ਼ਾ)— ਨਵੀਂ ਦਿੱਲੀ ਤੋਂ ਇਕ ਸਪੈਸ਼ਲ ਟਰੇਨ 1,000 ਤੋਂ ਵਧੇਰੇ ਯਾਤਰੀਆਂ ਨਾਲ ਵੀਰਵਾਰ ਨੂੰ ਇੱਥੇ ਹਾਵੜਾ ਸਟੇਸ਼ਨ ਪੁੱਜੀ। ਕੋਵਿਡ-19 ਨਾਲ ਨਜਿੱਠਣ ਲਈ ਲਾਏ ਗਏ ਲਾਕਡਾਊਨ ਕਾਰਨ ਟਰੇਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਨੂੰ ਹੁਣ ਅੰਸ਼ਿਕ ਰੂਪ ਨਾਲ ਬਹਾਲ ਕੀਤਾ ਗਿਆ ਹੈ। ਪੂਰਬੀ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏਸੀ ਟਰੇਨ ਦੁਪਹਿਰ 12 ਵਜੇ ਹਾਵੜਾ ਪੁੱਜੀ। ਰਾਸ਼ਟਰੀ ਰਾਜਧਾਨੀ ਅਤੇ ਕੋਲਕਾਤਾ ਵਿਚਾਲੇ ਚੱਲੀ ਇਹ ਪਹਿਲੀ ਸਪੈਸ਼ਲ ਟਰੇਨ ਹੈ। ਅਧਿਕਾਰੀ ਨੇ ਦੱਸਿਆ ਕਿ ਸਟੇਸ਼ਨ ਕੰਪਲੈਕਸ ਤੋਂ ਬਾਹਰ ਜਾਣ ਤੋਂ ਪਹਿਲਾਂ ਸਾਰੇ 1,060 ਯਾਤਰੀਆਂ ਦੀ ਜਾਂਚ ਕੀਤੀ ਗਈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸੂਬਾ ਟਰਾਂਸਪੋਰਟ ਵਿਭਾਗ ਨੇ ਘੱਟ ਤੋਂ ਘੱਟ 40 ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਐਪ-ਸੰਚਾਲਿਤ ਕੈਬ ਅਤੇ ਪੀਲੇ ਰੰਗ ਦੀਆਂ ਟੈਕਸੀਆਂ ਵੀ ਸਟੇਸ਼ਨ ਦੇ ਬਾਹਰ ਮੌਜੂਦ ਹਨ, ਕੋਈ ਵੀ ਵਿਅਕਤੀ ਆਪਣੇ ਘਰ ਜਾਣ ਲਈ ਇਨ੍ਹਾਂ ਨੂੰ ਬੁਕ ਕਰ ਸਕਦਾ ਹੈ। ਇਨ੍ਹਾਂ ਸਾਰੇ ਯਾਤਰੀਆਂ ਨੂੰ 14 ਦਿਨਾਂ ਤੱਕ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਰੇਲਵੇ ਨੇ 12 ਮਈ ਤੋਂ ਦਿੱਲੀ ਅਤੇ ਹੋਰ ਸ਼ਹਿਰਾਂ ਤੋਂ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਅਤੇ ਹਾਵੜਾ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋਈ ਇਹ ਟਰੇਨ ਹੁਣ ਰੋਜ਼ ਚੱਲੇਗੀ।


Tanu

Content Editor

Related News