ਨਸਲੀ ਵਿਵਾਦ ''ਚ ਚਲੀ ਗਈ ਵਿਦਿਆਰਥੀ ਦੀ ਮੌਤ ! ਦੇਹਰਾਦੂਨ ''ਚ ਵਾਪਰੀ ਹਿੰਸਾ ਦੀ CCTV ਵੀਡੀਓ ਆਈ ਸਾਹਮਣੇ
Monday, Dec 29, 2025 - 04:23 PM (IST)
ਦੇਹਰਾਦੂਨ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਤ੍ਰਿਪੁਰਾ ਦੇ ਇਕ 24 ਸਾਲਾ ਐੱਮਬੀਏ (MBA) ਵਿਦਿਆਰਥੀ, ਅੰਜੇਲ ਚਕਮਾ ਦੀ ਨਸਲੀ ਹਿੰਸਾ ਤੋਂ ਬਾਅਦ ਹਸਪਤਾਲ 'ਚ ਮੌਤ ਹੋ ਗਈ ਹੈ। ਇਸ ਮਾਮਲੇ 'ਚ ਹੁਣ ਇਕ ਅਹਿਮ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਮੁਲਜ਼ਮ ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ। ਪੁਲਸ ਨੇ ਇਸੇ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਸਰੋਤਾਂ ਅਨੁਸਾਰ ਇਹ ਘਟਨਾ 9 ਦਸੰਬਰ ਨੂੰ ਦੇਹਰਾਦੂਨ ਦੇ ਸੇਲਾਕੁਈ ਬਾਜ਼ਾਰ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਵਾਪਰੀ ਸੀ। ਅੰਜੇਲ ਆਪਣੇ ਛੋਟੇ ਭਰਾ ਮਾਈਕਲ ਚਕਮਾ ਨਾਲ ਉੱਥੇ ਗਿਆ ਸੀ, ਜਿੱਥੇ ਕੁਝ ਸਥਾਨਕ ਲੋਕਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਚਸ਼ਮਦੀਦਾਂ ਅਨੁਸਾਰ ਮੁਲਜ਼ਮਾਂ ਨੇ ਦੋਵਾਂ ਭਰਾਵਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਨੂੰ 'ਚੀਨੀ' ਕਹਿ ਕੇ ਪੁਕਾਰਿਆ। ਹਮਲੇ ਦੌਰਾਨ ਅੰਜੇਲ ਵਾਰ-ਵਾਰ ਚੀਕ ਰਿਹਾ ਸੀ, "ਮੈਂ ਭਾਰਤੀ ਹਾਂ," ਪਰ ਮੁਲਜ਼ਮਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
14 ਦਿਨਾਂ ਬਾਅਦ ਤੋੜਿਆ ਦਮ
ਗੰਭੀਰ ਸੱਟਾਂ ਕਾਰਨ ਅੰਜੇਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ 14 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ ਸੀਸੀਟੀਵੀ ਫੁਟੇਜ 'ਚ ਕੁੱਟਮਾਰ ਦੀ ਵੀਡੀਓ ਨਹੀਂ ਹੈ, ਪਰ ਮੁਲਜ਼ਮਾਂ ਦੀ ਉੱਥੇ ਮੌਜੂਦਗੀ ਸਪੱਸ਼ਟ ਦਿਖਾਈ ਦੇ ਰਹੀ ਹੈ।
ਪੁਲਸ ਕਾਰਵਾਈ ਅਤੇ ਗ੍ਰਿਫਤਾਰੀਆਂ
ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਉੱਠੇ ਹਨ, ਕਿਉਂਕਿ ਐੱਫਆਈਆਰ (FIR) ਦਰਜ ਕਰਨ 'ਚ ਤਿੰਨ ਦਿਨਾਂ ਦੀ ਦੇਰੀ ਹੋਈ ਸੀ। 12 ਦਸੰਬਰ ਨੂੰ ਮੁਕੱਦਮਾ ਦਰਜ ਕੀਤਾ ਗਿਆ ਅਤੇ 14 ਦਸੰਬਰ ਨੂੰ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਦਿਆਰਥੀ ਦੀ ਮੌਤ ਤੋਂ ਬਾਅਦ ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਤਹਿਤ ਕਤਲ ਦਾ ਮਾਮਲਾ ਵੀ ਜੋੜ ਦਿੱਤਾ ਹੈ। ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਕੌਮੀ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਨੇ ਇਸ ਨਸਲੀ ਹਮਲੇ ਦਾ ਨੋਟਿਸ ਲੈਂਦਿਆਂ ਉੱਤਰਾਖੰਡ ਦੇ ਡੀਜੀਪੀ (DGP), ਡੀਐੱਮ (DM) ਅਤੇ ਐੱਸਪੀ (SP) ਦੇਹਰਾਦੂਨ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਪ੍ਰਸ਼ਾਸਨ ਤੋਂ ਤਿੰਨ ਦਿਨਾਂ 'ਚ ਜਵਾਬ ਮੰਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਬਾਕੀ ਰਹਿੰਦੇ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
