ਪਾਕਿ ਮਕਬੂਜ਼ਾ ਕਸ਼ਮੀਰ ’ਚ ਅੱਤਵਾਦੀ ਢਾਂਚੇ ਤਬਾਹ ਕਰੇ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੇ : ਰਾਜਨਾਥ ਸਿੰਘ
Tuesday, Jan 14, 2025 - 10:58 PM (IST)
ਅਖਨੂਰ (ਜੰਮੂ-ਕਸ਼ਮੀਰ), (ਭਾਸ਼ਾ., ਉਦੇ, ਕਿਸ਼ੋਰ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ’ਤੇ ਅੱਤਵਾਦ ਨੂੰ ਸਪਾਂਸਰ ਕਰ ਕੇ ਭਾਰਤ ਨੂੰ ਲਗਾਤਾਰ ਡਾਵਾਂਡੋਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆ ਕਿਹਾ ਹੈ ਕਿ ਉਸ ਨੂੰ ਮਕਬੂਜ਼ਾ ਕਸ਼ਮੀਰ ’ਚ ਆਪਣੇ ਅੱਤਵਾਦੀ ਢਾਂਚਿਆਂ ਨੂੰ ਖਤਮ ਕਰਨਾ ਚਾਹੀਦਾ ਹੈ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਅਖਨੂਰ ਇਲਾਕੇ ’ਚ ਸਾਬਕਾ ਫੌਜੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਵਰਤੋਂ ਅੱਤਵਾਦ ਦੇ ਕਾਰੋਬਾਰ ਨੂੰ ਚਲਾਉਣ ਲਈ ਕੀਤੀ ਜਾ ਰਹੀ ਹੈ। ਅੱਜ ਵੀ ਉੱਥੇ ਅੱਤਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ। ਸਰਹੱਦ ਨੇੜੇ ਲਾਂਚਿੰਗ ਪੈਡ ਬਣਾਏ ਗਏ ਹਨ। ਭਾਰਤ ਸਰਕਾਰ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ । ਉਹ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ। ਪਾਕਿਸਤਾਨ ਨੂੰ ਇਹ ਸਭ ਖਤਮ ਕਰਨਾ ਪਵੇਗਾ, ਨਹੀਂ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।
ਮਕਬੂਜ਼ਾ ਕਸ਼ਮੀਰ ’ਤੇ ਭਾਰਤ ਦੀ ਸਥਿਤੀ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੈ। ਪਾਕਿਸਤਾਨ ਲਈ ਮਕਬੂਜ਼ਾ ਕਸ਼ਮੀਰ ਵਿਦੇਸ਼ੀ ਖੇਤਰ ਤੋਂ ਵੱਧ ਕੁਝ ਨਹੀਂ ਹੈ।
ਪਾਕਿਸਤਾਨ ਦੇ ਹੁਕਮਾਨਾਂ ਵੱਲੋਂ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਮਕਬੂਜ਼ਾ ਕਸ਼ਮੀਰ ’ਚ ਧਰਮ ਦੇ ਨਾਂ ’ਤੇ ਲੋਕਾਂ ਨੂੰ ਸਨਮਾਨਜਨਕ ਜੀਵਨ ਬਤੀਤ ਕਰਨ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ । ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਦੀਆਂ ਹਾਲੀਆ ਟਿੱਪਣੀਆਂ ਦੀ ਵੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਪਾਕਿਸਤਾਨ ਦੇ ਭਾਰਤ ਵਿਰੋਧੀ ਏਜੰਡੇ ਦਾ ਹਿੱਸਾ ਹੈ ਜੋ ਜਨਰਲ ਜ਼ਿਆ-ਉਲ-ਹੱਕ ਦੇ ਸਮੇਂ ਤੋਂ ਚਲਦਾ ਅਾ ਰਿਹਾ ਹੈ।
'ਜੰਮੂ-ਕਸ਼ਮੀਰ ’ਚ ਪਾਕਿਸਤਾਨ ਤੋਂ ਹੁੰਦੀ ਹੈ ਘੁਸਪੈਠ
ਅੱਤਵਾਦ ਨੂੰ ਹਮਾਇਤ ਦੇਣ ਦੀ ਆਪਣੀ ਨੀਤੀ ਨਾ ਛੱਡਣ ਲਈ ਪਾਕਿਸਤਾਨ ’ਤੇ ਹਮਲਾ ਬੋਲਦਿਆਂ ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਭਾਰਤ ਨੂੰ ਡਾਵਾਂਡੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਅਜੇ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਪਾਕਿਸਤਾਨ ਨੇ ਕਦੇ ਵੀ ਅੱਤਵਾਦ ਨੂੰ ਨਹੀਂ ਛੱਡਿਆ। ਜੰਮੂ-ਕਸ਼ਮੀਰ ’ਚ ਅੱਤਵਾਦੀ ਪਾਕਿਸਤਾਨ ਤੋਂ ਹੀ ਆਉਂਦੇ ਹਨ।
'ਸਾਡੇ ਬਹੁਤ ਸਾਰੇ ਮੁਸਲਿਮ ਭਰਾਵਾਂ ਨੇ ਅੱਤਵਾਦ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ'
1965 ਤੋਂ ਅੱਤਵਾਦ ਤੇ ਘੁਸਪੈਠ ਨੂੰ ਉਤਸ਼ਾਹਿਤ ਕਰਨ ਲਈ ਰਾਜਨਾਥ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਵਾਰ-ਵਾਰ ਅਜਿਹੀਆਂ ਕੋਸ਼ਿਸ਼ਾਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਹਮਾਇਤ ਹਾਸਲ ਕਰਨ ’ਚ ਨਾਕਾਮ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਨਾ ਤਾਂ 1965 ਦੀ ਜੰਗ ਦੌਰਾਨ ਤੇ ਨਾ ਹੀ ਅੱਤਵਾਦ ਦੇ ਸਿਖਰ ਦੌਰਾਨ ਜੰਮੂ-ਕਸ਼ਮੀਰ ਦੇ ਲੋਕਾਂ ਨੇ ਪਾਕਿਸਤਾਨ ਦੀ ਹਮਾਇਤ ਕੀਤੀ। ਇਸ ਦੀ ਬਜਾਏ ਸਾਡੇ ਬਹੁਤ ਸਾਰੇ ਮੁਸਲਿਮ ਭਰਾਵਾਂ ਨੇ ਅੱਤਵਾਦ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਉਨ੍ਹਾਂ ਮੁਹੰਮਦ ਉਸਮਾਨ ਵਰਗੇ ਵਿਅਕਤੀ ਦੀ ਕੁਰਬਾਨੀ ਨੂੰ ਉਜਾਗਰ ਕੀਤਾ ਜਿਸ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਪਾਕਿਸਤਾਨ ਨੇ ਅੱਜ ਵੀ ਅੱਤਵਾਦ ਦੀ ਹਮਾਇਤ ਕਰਨ ਦੀ ਆਪਣੀ ਨੀਤੀ ਨਹੀਂ ਛੱਡੀ ਹੈ। ਭਾਰਤ ਸਰਕਾਰ ਆਪਣੀ ਪ੍ਰਭੂਸੱਤਾ ਤੇ ਸੁਰੱਖਿਆ ਲਈ ਕਿਸੇ ਵੀ ਖਤਰੇ ਨੂੰ ਬਰਦਾਸ਼ਤ ਨਹੀਂ ਕਰੇਗੀ।
1965 ਦੀ ਜੰਗ ’ਚ ਭਾਰਤੀ ਫੌਜ ਦੀ ਬਹਾਦਰੀ ਨੂੰ ਕੀਤਾ ਯਾਦ
ਰੱਖਿਆ ਮੰਤਰੀ ਨੇ 1965 ’ਚ ਪਾਕਿਸਤਾਨ ਨਾਲ ਹੋਈ ਜੰਗ ਦੌਰਾਨ ਭਾਰਤੀ ਫੌਜ ਦੇ ਬਹਾਦਰੀ ਭਰੇ ਯਤਨਾਂ ਨੂੰ ਵੀ ਯਾਦ ਕੀਤਾ ਤੇ ਭਾਰਤ ਦੀ ਜਿੱਤ ਲਈ ਕੁਰਬਾਨੀ ਅਤੇ ਰਣਨੀਤਕ ਪ੍ਰਤਿਭਾ ’ਤੇ ਚਾਨਣਾ ਪਾਇਆ।
ਉਨ੍ਹਾਂ ਅਖਨੂਰ ਦੀ ਲੜਾਈ ਦੀ ਅਹਿਮੀਅਤ ਨੂੰ ਰੇਖਾਂਕਿਤ ਕੀਤਾ ਜਿੱਥੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਆਪ੍ਰੇਸ਼ਨ ‘ਗ੍ਰੈਂਡ ਸਲੈਮ’ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਤੇ ਲਾਹੌਰ ਵੱਲ ਵਧੀ।