ਕਾਬੁਲ ਗੁਰਦੁਆਰਾ ਹਮਲੇ ''ਤੇ ਜੈਸ਼ੰਕਰ ਨੇ ਜਤਾਇਆ ਦੁੱਖ, ਕਿਹਾ- ਸੰਪਰਕ ''ਚ ਹਨ ਪੀੜਤ ਪਰਿਵਾਰ

03/26/2020 5:22:49 PM

ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਭਾਵ ਅੱਜ ਕਿਹਾ ਕਿ ਕਾਬੁਲ ਸਥਿਤ ਭਾਰਤੀ ਹਾਈ ਕਮਿਸ਼ਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਦੇ ਸੰਪਰਕ ਵਿਚ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਕਾਬੁਲ ਸਥਿਤ ਗੁਰਦੁਆਰੇ 'ਤੇ ਬੰਦੂਕਧਾਰੀਆਂ ਦੀ ਅੰਨ੍ਹੇਵਾਹੀ ਕਾਰਵਾਈ ਵਿਚ 25 ਲੋਕ ਮਾਰੇ ਗਏ ਸਨ। ਇਸ 'ਚੋਂ ਇਕ ਮ੍ਰਿਤਕ ਪੁਰਾਣੀ ਦਿੱਲੀ ਵਾਸੀ 71 ਸਾਲਾ ਤਿਯਾਨ ਸਿੰਘ ਹੈ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਅਫਗਾਨਿਸਤਾਨ 'ਚ ਸਥਾਈ ਸ਼ਾਂਤੀ ਲਿਆਉਣ ਲਈ ਹਾਲ ਹੀ 'ਚ ਇਤਿਹਾਸਕ ਸਮਝੌਤਾ ਹੋਇਆ ਹੈ। 
ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ ਕਿ ਕਾਬੁਲ ਸਥਿਤ ਗੁਰਦੁਆਰੇ 'ਤੇ ਕਾਇਰਾਨਾ ਅੱਤਵਾਦੀ ਹਮਲੇ ਤੋਂ ਪੈਦਾ ਹੋਏ ਗੁੱਸੇ ਅਤੇ ਦੁੱਖ ਨੂੰ ਸਮਝਦਾ ਹਾਂ। ਕਾਬੁਲ ਸਥਿਤ ਭਾਰਤੀ ਹਾਈ ਕਮਿਸ਼ਨ ਇਸ ਘਟਨਾ 'ਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਹੈ। ਜੈਸ਼ੰਕਰ ਨੇ ਕਿਹਾ ਕਿ ਸਿੰਘ ਦੀ ਮ੍ਰਿਤਕ ਦੇਹ ਨੂੰ ਕਾਬੁਲ ਤੋਂ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕਾਬੁਲ ਸਥਿਤ ਭਾਰਤੀ ਹਾਈ ਕਮਿਸ਼ਨ ਤਿਯਾਨ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ ਕੰਮ ਕਰ ਰਿਹਾ ਹੈ। ਅੱਗੇ ਦੀ ਜਾਣਕਾਰੀ ਦਿੰਦਾ ਰਹਾਂਗਾ। ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਭਾਰਤ ਇਸ ਦੁੱਖ ਦੀ ਘੜੀ 'ਚ ਅਫਗਾਨਿਸਤਾਨ 'ਚ ਪ੍ਰਭਾਵਿਤ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਨੂੰ ਤਿਆਰ ਹੈ।

ਇਹ ਵੀ ਪੜ੍ਹੋ : ਕਾਬੁਲ ਗੁਰਦੁਆਰੇ 'ਤੇ ਅੱਤਵਾਦੀ ਹਮਲੇ 'ਚ 25 ਮੌਤਾਂ, ਇਸ ਨੇ ਲਈ ਜਿੰਮੇਵਾਰੀ, (ਤਸਵੀਰਾਂ)


Tanu

Content Editor

Related News