ਤਾਪਮਾਨ ਵਧਣ ਨਾਲ ਪਿਘਲਿਆ ਹਿਮ ਸ਼ਿਵਲਿੰਗ, ਅਮਰਨਾਥ ਯਾਤਰਾ 'ਚ ਕਮੀ, ਟੂਰ ਓਪਰੇਟਰ ਚਿੰਤਾਵਾਂ 'ਚ

Saturday, Jul 12, 2025 - 01:00 PM (IST)

ਤਾਪਮਾਨ ਵਧਣ ਨਾਲ ਪਿਘਲਿਆ ਹਿਮ ਸ਼ਿਵਲਿੰਗ, ਅਮਰਨਾਥ ਯਾਤਰਾ 'ਚ ਕਮੀ, ਟੂਰ ਓਪਰੇਟਰ ਚਿੰਤਾਵਾਂ 'ਚ

ਸ਼੍ਰੀਨਗਰ- ਅਮਰਨਾਥ ਦੀ ਸਾਲਾਨਾ ਯਾਤਰਾ ਇਸ ਵਾਰ ਵੀ 3 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਦੀ ਸ਼ਾਮ ਤੱਕ 1.45 ਲੱਖ ਤੋਂ ਵੱਧ ਸ਼ਰਧਾਲੂ ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪਹਿਲਗਾਮ ਦੇ 3,880 ਮੀਟਰ ਉੱਚੇ ਗੁਫਾ ਮੰਦਰ ਵਿੱਚ ਦਰਸ਼ਨ ਕਰ ਚੁੱਕੇ ਸਨ। 4 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਪਰ ਵਾਦੀ 'ਚ ਪਿਛਲੇ 50 ਸਾਲਾਂ ਦਾ ਸਭ ਤੋਂ ਗਰਮ ਜੂਨ ਮਹੀਨਾ ਹੋਣ ਕਰਕੇ ਸ਼ਿਵਲਿੰਗ ਤੇਜ਼ੀ ਨਾਲ ਪਿਘਲ ਰਿਹਾ ਹੈ। ਇਸ ਨੇ ਸ਼ਰਧਾਲੂਆਂ ਵਿਚ ਚਿੰਤਾ ਵਧਾਈ ਹੈ ਤੇ ਟੂਰ ਓਪਰੇਟਰਾਂ ਵਿਚ ਹੜਕੰਪ ਮਚਾਇਆ ਹੈ।

ਤਾਪਮਾਨ ਨੇ ਦਿਖਾਏ ਰਿਕਾਰਡ, ਚੌਥੇ ਦਿਨ ਹੀ ਪਿਘਲਿਆ ਸ਼ਿਵਲਿੰਗ
ਟੂਰ ਓਪਰੇਟਰਾਂ ਅਨੁਸਾਰ, 7 ਜੁਲਾਈ ਨੂੰ, ਯਾਤਰਾ ਸ਼ੁਰੂ ਹੋਣ ਦੇ ਸਿਰਫ ਚਾਰ ਦਿਨਾਂ ਬਾਅਦ ਹੀ ਆਈਸ ਸ਼ਿਵਲਿੰਗ ਦਾ ਵੱਡਾ ਹਿੱਸਾ ਪਿਘਲ ਚੁੱਕਾ ਸੀ। ਸ੍ਰੀਨਗਰ ਵਿੱਚ ਇਸ ਦੌਰਾਨ 37.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਕਿ 1953 ਤੋਂ ਬਾਅਦ ਸਭ ਤੋਂ ਵੱਧ ਸੀ।

ਹੈਲੀਕਾਪਟਰ ਸੇਵਾ 'ਤੇ ਪਾਬੰਦੀ, ਰਜਿਸਟ੍ਰੇਸ਼ਨ 'ਚ ਕਮੀ
22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਸਾਰੇ ਰੂਟਾਂ ਨੂੰ 'ਨੋ ਫਲਾਈ ਜ਼ੋਨ' ਘੋਸ਼ਿਤ ਕਰ ਦਿੱਤਾ ਗਿਆ। ਜਿਸ ਕਰਕੇ ਅਮਰਨਾਥ ਸ਼੍ਰਾਇਨ ਬੋਰਡ ਨੇ ਹੈਲੀਕਾਪਟਰ ਸੇਵਾ ਬੰਦ ਕਰ ਦਿੱਤੀ। ਇਸ ਨਾਲ ਟੂਰ ਓਪਰੇਟਰਾਂ ਦੀਆਂ ਬੁਕਿੰਗਾਂ 'ਚ ਭਾਰੀ ਕਮੀ ਆਈ। Wonder World Yatra ਦੇ ਜਤਿਨ ਨਾਗਰ ਨੇ ਦੱਸਿਆ ਕਿ "ਸਾਡੀਆਂ 60% ਬੁਕਿੰਗਾਂ ਹੈਲੀ ਸੇਵਾ ਲਈ ਸਨ, ਜੋ ਹੁਣ ਰੱਦ ਹੋ ਚੁੱਕੀਆਂ ਹਨ। ਹੁਣ ਸਿਰਫ 20 ਬੁਕਿੰਗਾਂ ਹੀ ਬਚੀਆਂ ਹਨ।"

ਪਹਿਲਗਾਮ ਰਸਤੇ ਦੀ ਮੰਗ, ਪਰ ਪੋਨੀ ਤੇ ਪਾਲਕੀ ਸੇਵਾਵਾਂ ਵੀ ਪ੍ਰਭਾਵਿਤ
ਸ਼ਰਧਾਲੂ ਬਲਤਾਲ ਦੇ ਢਲਵਾਂ ਅਤੇ ਔਖੇ ਰਸਤੇ ਦੀ ਥਾਂ ਅੱਜ ਵੀ 48 ਕਿਮੀ ਲੰਬੇ ਪਰਮਪਰਾਗਤ ਪਹਿਲਗਾਮ ਰੂਟ ਨੂੰ ਤਰਜੀਹ ਦੇ ਰਹੇ ਹਨ। ਪਰ ਆਈਸ ਸ਼ਿਵਲਿੰਗ ਜਲਦੀ ਪਿਘਲਣ ਕਰਕੇ ਪੈਦਲ, ਖੱਚਰ ਜਾਂ ਪਾਲਕੀ ਰਾਹੀਂ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਵੀ ਕਮੀ ਆਈ ਹੈ। Ponypalki ਕੰਪਨੀ ਦੇ ਮੁਨੀਬ ਰਿਯਾਜ ਅਹਿਮਦ ਨੇ ਦੱਸਿਆ ਕਿ, "ਇਸ ਵਾਰ ਅਸੀਂ ਸਿਰਫ 200 ਯਾਤਰੀਆਂ ਨੂੰ ਖੱਚਰ 'ਤੇ ਚੁਕਾਇਆ, ਕੰਪਨੀ ਕੋਲ ਲਗਭਗ 40 ਖੱਚਰ ਹਨ ਤੇ ਪੀਕ ਸੀਜ਼ਨ ਦੇ ਦੌਰਾਨ  ਇਹ ਗਿਣਤੀ 150 ਖੱਚਰ ਤੋਂ ਵੱਧ ਹੋ ਜਾਂਦੀ ਸੀ।"

ਪੈਕੇਜ ਰੇਟ 'ਚ ਵੀ ਕੱਟੌਤੀ, ਫਿਰ ਵੀ ਨਿਊਨਤਾ
ਸ਼ਿਵਲਿੰਗ ਜਲਦੀ ਪਿਘਲਣ ਅਤੇ ਹਮਲੇ ਦੇ ਡਰ ਕਾਰਨ ਯਾਤਰਾ ਪੈਕੇਜਾਂ ਦੀ ਮੰਗ ਘਟ ਗਈ। ਕਈ ਟੂਰ ਓਪਰੇਟਰਾਂ ਨੇ 6-7% ਤੱਕ ਕੀਮਤਾਂ ਘਟਾਈਆਂ ਪਰ ਫਾਇਦਾ ਨਾ ਹੋਇਆ। Shrine Yatra ਨੇ 150 ਹੈਲੀਕਾਪਟਰ ਬੁਕਿੰਗਾਂ ਰੱਦ ਕੀਤੀਆਂ ਤੇ ਖੱਚਰ ਰਾਹੀਂ ਜਾਣ ਵਾਲਿਆਂ ਲਈ ਵੱਖਰੀ ਰਜਿਸਟ੍ਰੇਸ਼ਨ ਲੋੜ ਹੋਣ ਕਰਕੇ ਬੁਕਿੰਗ ਨਾ ਹੋ ਸਕੀ।

ਕੁਝ ਚੰਗੀਆਂ ਖਬਰਾਂ ਵੀ, ਭਰੋਸਾ ਅਜੇ ਵੀ ਕਾਇਮ
ਇਸ ਸਭ ਦੇ ਬਾਵਜੂਦ, ਨਵੇਂ ਸ਼ੁਰੂ ਹੋਏ ਕਟਰਾ-ਸ੍ਰੀਨਗਰ ਵੰਦੇ ਭਾਰਤ ਰੇਲ ਰਾਹੀਂ ਯਾਤਰੀਆਂ ਦੀ ਲਿਸਟ ਲੰਬੀ ਹੋ ਰਹੀ ਹੈ। EaseMyTrip ਦੇ ਸੀਈਓ ਰਿਕਾਂਤ ਪਿਟੀ ਅਨੁਸਾਰ, "ਹੁਣ ਤੱਕ 4 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ ਅਤੇ ਹੋਟਲਾਂ ਦੀਆਂ ਬੁਕਿੰਗਾਂ ਵੀ ਸ਼ੁਰੂਆਤੀ 20% ਤੋਂ ਵੱਧ ਕੇ 40% ਹੋ ਚੁੱਕੀਆਂ ਹਨ।"

ਸ਼ਿਵਲਿੰਗ ਦੀ ਉਮਰ ਘਟ ਰਹੀ, ਪਰ ਸ਼ਰਧਾ ਕਾਇਮ
2018 'ਚ ਸ਼ਿਵਲਿੰਗ 29 ਦਿਨ, 2020 'ਚ 38 ਦਿਨ ਅਤੇ 2023 'ਚ 47 ਦਿਨ ਰਿਹਾ। ਪਰ ਇਸ ਵਾਰ 2024 'ਚ ਸਿਰਫ ਇੱਕ ਹਫ਼ਤਾ ਹੀ ਚੱਲਿਆ। ਫਿਰ ਵੀ ਸ਼ਰਧਾਲੂਆਂ ਦੀ ਭਗਤੀ ਵਿਚ ਘਾਟ ਨਹੀਂ ਆਈ।

ਸੰਭਵ ਹੈ ਕਿ ਯਾਤਰਾ ਪਹਿਲਾਂ ਹੀ ਮੁਕ ਜਾਵੇ
ਅਜਿਹੀਆਂ ਹਾਲਤਾਂ ਨੂੰ ਦੇਖਦੇ ਹੋਏ ਕਈ ਟੂਰ ਓਪਰੇਟਰਾਂ ਉਮੀਦ ਕਰ ਰਹੇ ਹਨ ਕਿ ਇਹ ਯਾਤਰਾ ਅਧਿਕਾਰਿਕ ਤਰੀਕ 9 ਅਗਸਤ ਤੋਂ ਪਹਿਲਾਂ ਹੀ ਖਤਮ ਹੋ ਸਕਦੀ ਹੈ।


author

Tarsem Singh

Content Editor

Related News