ਕੇਰਲ ਜਹਾਜ਼ ਕ੍ਰੈਸ਼ ''ਚ ਜਾਨ ਗੁਆਉਣ ਵਾਲੇ ਕੋ-ਪਾਇਲਟ 15 ਦਿਨ ਬਾਅਦ ਬਣਨ ਵਾਲੇ ਸਨ ਪਿਤਾ
Saturday, Aug 08, 2020 - 07:35 PM (IST)
ਮਥੁਰਾ - ਕੇਰਲ ਦੇ ਕੋਝੀਕੋਡ ਜਹਾਜ਼ ਹਾਦਸੇ 'ਚ ਜਾਨ ਗੁਆਉਣ ਵਾਲੇ ਕੋ-ਪਾਇਲਟ ਅਖਿਲੇਸ਼ ਕੁਮਾਰ ਦੀ ਪਤਨੀ ਗਰਭਵਤੀ ਸਨ। 15 ਦਿਨ ਬਾਅਦ ਹੀ ਉਨ੍ਹਾਂ ਦੀ ਡਿਲੀਵਰੀ ਹੋਣੀ ਸੀ ਪਰ ਬੇਰਹਿਮ ਕਿਸਮਤ ਨੇ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੌਹ ਲਈਆਂ।
ਸ਼ੁੱਕਰਵਾਰ ਨੂੰ ਕਾਲੀਕਟ ਏਅਰਪੋਰਟ 'ਤੇ ਦੁਬਈ ਤੋਂ ਕੋਝੀਕੋਡ ਆ ਰਿਹਾ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਜਦੋਂ ਲੈਂਡ ਹੋ ਰਿਹਾ ਸੀ ਤਾਂ ਤੇਜ਼ ਮੀਂਹ ਕਾਰਨ ਉਹ ਫਿਸਲ ਕੇ ਖੱਡ 'ਚ ਚਲਾ ਗਿਆ। ਜਿਸ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ 'ਚ 59 ਸਾਲਾ ਕੈਪਟਨ ਦੀਪਕ ਬਸੰਤ ਸਾਠੇ ਅਤੇ 33 ਸਾਲਾ ਉਨ੍ਹਾਂ ਦੇ ਕੋ-ਪਾਇਲਟ ਅਖਿਲੇਸ਼ ਕੁਮਾਰ ਜਹਾਜ਼ ਨੂੰ ਲੈਂਡ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।
ਟੇਬਲਟਾਪ ਰਨਵੇ ਦੀ ਖਤਰਨਾਕ ਲੈਂਡਿੰਗ
ਤੇਜ਼ ਮੀਂਹ ਕਾਰਨ ਲੈਂਡਿੰਗ 'ਚ ਕਾਫ਼ੀ ਪ੍ਰੇਸ਼ਾਨੀ ਸੀ। ਇਸ ਤੋਂ ਇਲਾਵਾ ਇਹ ਖਤਰਨਾਕ ਮੰਨੇ ਜਾਣ ਵਾਲਾ ਟੇਬਲਟਾਪ ਰਨਵੇ ਸੀ। ਲੈਂਡਿੰਗ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਤੀਜੀ ਕੋਸ਼ਿਸ਼ ਦੌਰਾਨ ਜਹਾਜ਼ ਰਨਵੇ 'ਤੇ ਫਿਸਲ ਗਿਆ ਅਤੇ ਤੇਜ਼ ਰਫ਼ਤਾਰ 'ਚ ਰਨਵੇ ਨੂੰ ਪਾਰ ਕਰਦੇ ਹੋਏ 35 ਫੁੱਟ ਡੂੰਘੇ ਖੱਡ 'ਚ ਜਹਾਜ਼ ਡਿੱਗ ਗਿਆ। ਦੇਖਦੇ ਹੀ ਦੇਖਦੇ ਜਹਾਜ਼ ਦੇ ਦੋ ਹਿੱਸੇ ਹੋ ਗਏ।
ਹਾਦਸੇ ਦੇ ਸਮੇਂ ਜਹਾਜ਼ 'ਚ ਕਰੂ ਮੈਂਬਰ ਸਮੇਤ 190 ਲੋਕ ਬੈਠੇ ਸਨ। ਇਸ ਹਾਦਸੇ 'ਚ ਕੈਪਟਨ ਦੀਪਕ ਬਸੰਤ ਸਾਠੇ ਅਤੇ ਸਾਥੀ ਪਾਇਲਟ ਅਖਿਲੇਸ਼ ਕੁਮਾਰ ਦੀ ਮੌਤ ਹੋ ਗਈ। ਘਟਨਾ 'ਚ ਹੁਣ ਤੱਕ 18 ਲੋਕ ਮਾਰੇ ਗਏ ਹਨ, ਜਦੋਂ ਕਿ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ।
15 ਦਿਨਾਂ 'ਚ ਆਉਣ ਵਾਲਾ ਸੀ ਨਵਾਂ ਮਹਿਮਾਨ
ਅਖਿਲੇਸ਼ ਕੁਮਾਰ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਰਹਿਣ ਵਾਲਾ ਸੀ। ਉਸ ਦੀ ਪਤਨੀ ਮੇਧਾ ਗਰਭਵਤੀ ਹੈ ਅਤੇ ਉਸ ਦੇ ਇੱਥੇ ਸਿਰਫ 15 ਤੋਂ 17 ਦਿਨਾਂ 'ਚ ਨਵਾਂ ਮਹਿਮਾਨ ਆਉਣ ਵਾਲਾ ਹੈ। ਘਟਨਾ ਤੋਂ ਬਾਅਦ ਅਖਿਲੇਸ਼ ਦੇ ਜੱਦੀ ਪਿੰਡ ਮੋਹਨਪੁਰ 'ਚ ਹਾਹਾਕਾਰ ਮਚਿਆ ਹੈ। ਅਖਿਲੇਸ਼ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਅਖਿਲੇਸ਼ ਕੁਮਾਰ ਕੋਰੋਨਾ ਮਹਾਮਾਰੀ ਦੇ ਚੱਲਦੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ 'ਚ ਕੰਮ ਕਰ ਰਿਹਾ ਸੀ।