ਬੀੜੀ ਪੀਂਦੇ ਨੌਜਵਾਨ 'ਤੇ ਸੁੱਟੀ ਸ਼ਰਾਬ, ਝੁਲਸਣ ਨਾਲ ਮੌਤ

Sunday, Feb 25, 2018 - 10:28 AM (IST)

ਨਵੀਂ ਦਿੱਲੀ— ਦੱਖਣੀ ਦਿੱਲੀ 'ਚ ਮੌਤ ਦਾ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਬੀੜੀ ਪੀ ਰਹੇ ਨੌਜਵਾਨ 'ਤੇ ਇਕ ਸ਼ਖਸ ਨੇ ਮੂੰਹ ਰਾਹੀਂ ਸ਼ਰਾਬ ਦੀ ਫੁਹਾਰ ਸੁੱਟ ਦਿੱਤੀ। ਇਸ ਨਾਲ ਅੱਗ ਭੜਕ ਗਈ ਅਤੇ ਬੀੜੀ ਪੀਣ ਵਾਲੇ 27 ਸਾਲਾ ਸ਼ਖਸ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਦਿੱਲੀ ਦੇ ਸਾਗਰਪੁਰ ਇਲਾਕੇ ਦਾ ਹੈ ਅਤੇ ਪੁਲਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਪੰਕਜ ਸਿੰਘ ਦੇ ਤੌਰ 'ਤੇ ਹੋਈ ਹੈ। ਪਰਿਵਾਰ 'ਚ ਪਤਨੀ ਪ੍ਰੀਤੀ ਅਤੇ 6 ਸਾਲ ਦਾ ਬੇਟਾ ਹੈ। ਪਤਨੀ ਨੇ ਬਿਆਨ ਦਿੱਤਾ ਕਿ 22 ਫਰਵਰੀ ਦੀ ਸ਼ਾਮ ਪਤੀ ਕਹਿ ਕੇ ਨਿਕਲੇ ਸਨ ਕਿ ਮਾਂ ਦੇ ਘਰ ਜਾ ਰਿਹਾ ਹਾਂ। ਪ੍ਰੀਤੀ ਖੁਦ ਬੇਟੇ ਨੂੰ ਟਿਊਸ਼ਨ ਛੱਡਣ ਲਈ ਗਈ ਸੀ। ਕਾਫੀ ਰਾਤ ਹੋਣ 'ਤੇ ਵੀ ਪਤੀ ਨਹੀਂ ਆਏ ਤਾਂ ਪ੍ਰੀਤੀ ਸੱਸ ਦੇ ਘਰ ਪੁੱਜੀ। ਉੱਥੇ ਜਾ ਕੇ ਦੇਖਿਆ ਕਿ ਪੰਕਜ ਨਾਲ ਪ੍ਰਦੀਪ ਨਾਂ ਦਾ ਨੌਜਵਾਨ ਝਗੜਾ ਕਰ ਰਿਹਾ ਸੀ। 
ਪਤਨੀ ਦਾ ਦਾਅਵਾ ਹੈ ਕਿ ਉਸ ਸਮੇਂ ਪੰਕਜ ਬੀੜੀ ਪੀ ਰਹੇ ਸਨ, ਉਦੋਂ ਪ੍ਰਦੀਪ ਨੇ ਮੂੰਹ 'ਚੋਂ ਸ਼ਰਾਬ ਦੀ ਫੁਹਾਰ ਛੱਡੀ। ਇਸ ਨਾਲ ਬੀੜੀ ਦੀ ਅੱਗ ਭੜਕ ਉੱਠੀ ਅਤੇ ਪੰਕਜ ਝੁਲਸਣ ਲੱਗਾ। ਨੇੜੇ-ਤੇੜੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਅਤੇ ਪੰਕਜ ਨੂੰ ਡੀ.ਡੀ.ਯੂ. ਹਸਪਤਾਲ ਲਿਜਾਇਆ ਗਿਆ। ਉੱਥੇ ਪੰਕਜ ਨੇ ਦਮ ਤੋੜ ਦਿੱਤਾ। ਪੁਲਸ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਤਲਾਸ਼ ਕਰ ਰਹੀ ਹੈ।


Related News