‘ਚੂਹਿਆਂ ਦੇ ਹਮਲੇ’ ’ਚ 2 ਨਵਜੰਮੀਆਂ ਬੱਚੀਆਂ ਦੀ ਮੌਤ ਘੋਰ ਲਾਪ੍ਰਵਾਹੀ: ਹਾਈ ਕੋਰਟ
Thursday, Sep 11, 2025 - 11:47 PM (IST)

ਇੰਦੌਰ – ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੰਦੌਰ ਦੇ ਸ਼ਾਸਕੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐੱਮ. ਵਾਈ. ਐੱਚ.) ’ਚ ਚੂਹਿਆਂ ਦੇ ਹਮਲੇ ਤੋਂ ਬਾਅਦ 2 ਨਵਜੰਮੀਆਂ ਬੱਚੀਆਂ ਦੀ ਮੌਤ ਦੇ ਮਾਮਲੇ ’ਚ ਦਖਲ ਦਿੰਦੇ ਹੋਏ ਇਸ ਘਟਨਾ ਨੂੰ ‘ਪਹਿਲੀ ਨਜ਼ਰ ’ਚ ਐੱਮ. ਵਾਈ. ਐੱਚ. ਪ੍ਰਸ਼ਾਸਨ ਦੀ ਘੋਰ ਲਾਪ੍ਰਵਾਹੀ’ ਕਰਾਰ ਦਿੱਤਾ ਹੈ। ਹਾਈ ਕੋਰਟ ਦੀ ਇੰਦੌਰ ਬੈਂਚ ਦੇ ਜਸਟਿਸ ਵਿਵੇਕ ਰੂਸੀਆ ਤੇ ਜਸਟਿਸ ਜੈ ਕੁਮਾਰ ਪਿੱਲਈ ਨੇ ਇਸ ਮਾਮਲੇ ’ਚ ਖੁਦ ਦਖਲ ਦਿੱਤਾ ਹੈ।
ਬੈਂਚ ਨੇ ਕਿਹਾ ਕਿ ਉਸ ਨੂੰ ਅਖਬਾਰਾਂ ਦੀਆਂ ਖਬਰਾਂ ਦੇ ਆਧਾਰ ’ਤੇ ਇਸ ਹੈਰਾਨ ਕਰ ਦੇਣ ਵਾਲੀ ਘਟਨਾ ਬਾਰੇ ਪਤਾ ਲੱਗਾ। ਅਦਾਲਤ ਨੇ ਇਸ ਮਾਮਲੇ ’ਚ ਸੂਬੇ ਦੇ ਲੋਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਇੰਦੌਰ ਦੇ ਸ਼ਾਸਕੀ ਮਹਾਤਮਾ ਗਾਂਧੀ ਸਮ੍ਰਿਤੀ ਚਿਕਿਤਸਾ ਮਹਾਵਿਦਿਆਲੇ ਦੇ ਡੀਨ, ਇੰਦੌਰ ਡਵੀਜ਼ਨ ਦੇ ਕਮਿਸ਼ਨਰ (ਰੈਵੇਨਿਊ), ਇੰਦੌਰ ਦੇ ਜ਼ਿਲਾ ਮੈਜਿਸਟ੍ਰੇਟ ਤੇ ਇੰਦੌਰ ਦੇ ਪੁਲਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਅਡੀਸ਼ਨਲ ਐਡਵੋਕੇਟ ਜਨਰਲ ਨੂੰ ਹਦਾਇਤ ਦਿੱਤੀ ਹੈ ਕਿ ਉਹ ਮਾਮਲੇ ਨਾਲ ਸਬੰਧਤ ਪੋਸਟਮਾਰਟਮ ਰਿਪੋਰਟ ਦੀਆਂ ਕਾਪੀਆਂ ਦੇ ਨਾਲ ਨੋਟਿਸ ਦਾ ਜਵਾਬ ਪੇਸ਼ ਕਰਨ।