ਗਰਭਵਤੀ ਮਹਿਲਾ ਦੀ ਇਲਾਜ ਦੌਰਾਨ ਮੌਤ, ਬਿਲ 18 ਲੱਖ
Thursday, Jan 11, 2018 - 08:51 AM (IST)
ਫਰੀਦਾਬਾਦ — ਦੇਸ਼ ਦੇ ਪ੍ਰਾਇਵੇਟ ਹਸਪਤਾਲਾਂ ਦੀ ਲੁੱਟ ਰੁਕਣ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਮਾਮਲਾ ਫਰੀਦਾਬਾਦ ਦੇ ਇਕ ਪ੍ਰਾਇਵੇਟ ਹਸਪਤਾਲ ਦਾ ਸਾਹਮਣੇ ਆਇਆ ਹੈ। ਹਸਪਤਾਲ 'ਚ ਬੁਖਾਰ ਨਾਲ ਪੀੜਤ ਇਕ ਗਰਭਵਤੀ ਮਹਿਲਾ ਅਤੇ ਉਸਦੇ ਗਰਭ 'ਚ ਪਲ ਰਹੀ 7 ਮਹੀਨੇ ਦੀ ਬੱਚੀ ਦੀ 22 ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਇੰਨਾ ਹੀ ਨਹੀਂ ਹਸਪਤਾਲ ਨੇ ਮ੍ਰਿਤਕ ਮਹਿਲਾ ਦੇ ਇਲਾਜ ਦਾ ਬਿਲ 18 ਲੱਖ ਬਣਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਹੁਣ ਪੀੜਤ ਪਰਿਵਾਰ ਹਸਪਤਾਲ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਘਟਨਾ ਅਨੁਸਾਰ ਫਰੀਦਾਬਾਦ ਦੇ ਪਿੰਡ ਨਚੌਲੀ ਦੇ ਰਹਿਣ ਵਾਲੇ ਸੀਤਾਰਾਮ ਨੇ ਬੁਖਾਰ ਹੋਣ 'ਤੇ ਆਪਣੀ ਬੇਟੀ ਸ਼ਵੇਤਾ ਨੂੰ 13 ਦਸੰਬਰ ਨੂੰ ਏਸ਼ੀਅਨ ਹਸਪਤਾਲ 'ਚ ਭਰਤੀ ਕਰਵਾਇਆ। ਉਸ ਸਮੇਂ ਸ਼ਵੇਤਾ 7 ਮਹੀਨੇ ਦੀ ਗਰਭਵਤੀ ਸੀ। ਤਿੰਨ-ਚਾਰ ਦਿਨ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚਾ ਮਹਿਲਾ ਦੇ ਪੇਟ 'ਚ ਹੀ ਮਰ ਗਿਆ ਹੈ। ਇਸ ਲਈ ਆਪਰੇਸ਼ਨ ਕਰਨਾ ਪਵੇਗਾ।

ਪੈਸਿਆਂ ਦੇ ਲਾਲਚ 'ਚ ਮਾਸੂਮ ਦੀ ਲਈ ਜਾਨ
ਡਾਕਟਰਾਂ ਨੇ ਇਲਾਜ ਸ਼ੁਰੂ ਕਰਨ ਲਈ ਪਰਿਵਾਰ ਨੂੰ ਸਾਢੇ ਤਿੰਨ ਲੱਖ ਜਮ੍ਹਾ ਕਰਵਾਉਣ ਲਈ ਕਿਹਾ। ਮ੍ਰਿਤਕਾ ਦੇ ਪਿਤਾ ਸੀਤਾਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਕਟਰ ਅੱਗੇ ਬੇਨਤੀ ਕੀਤੀ ਕਿ ਜਦੋਂ ਤੱਕ ਉਹ ਪੈਸਿਆਂ ਦਾ ਇੰਤਜ਼ਾਮ ਕਰਨ ਉਨ੍ਹਾਂ ਦੀ ਬੇਟੀ ਦਾ ਇਲਾਜ ਸ਼ੁਰੂ ਕਰ ਦਿਓ। ਪਰ ਹਸਪਤਾਲ ਨੇ ਪੈਸੇ ਜਮ੍ਹਾ ਕਰਵਾਉਣ ਤੱਕ ਆਪਰੇਸ਼ਨ ਹੀ ਨਹੀਂ ਕੀਤਾ। ਇਸ ਕਾਰਨ ਸ਼ਵੇਤਾ ਦੇ ਪੇਟ 'ਚ ਇੰਫੈਕਸ਼ਨ ਹੋ ਗਿਆ ਅਤੇ ਉਸਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ।
ਪਰਿਵਾਰ ਨੂੰ ਮਿਲਣ ਹੀ ਨਹੀਂ ਦਿੱਤਾ ਗਿਆ
ਗਰਭ 'ਚ ਬੱਚੀ ਦੇ ਮਰ ਜਾਣ ਤੋਂ ਬਾਅਦ ਸ਼ਵੇਤਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਆਈ.ਸੀ.ਯੂ. 'ਚ ਭੇਜ ਦਿੱਤਾ ਗਿਆ। ਇਸ ਦੌਰਾਨ ਪਰਿਵਾਰ ਨੂੰ ਬੀਮਾਰ ਬੇਟੀ ਨਾਲ ਮਿਲਣ ਹੀ ਨਹੀਂ ਦਿੱਤਾ ਗਿਆ। 5 ਜਨਵਰੀ ਨੂੰ ਆਈ.ਸੀ.ਯੂ. 'ਚ ਐਡਮਿਟ ਬੇਟੀ ਨੂੰ ਮਿਲਣ ਗਏ ਤਾਂ ਬੇਟੀ ਬੇਸੁਧ ਪਈ ਹੋਈ ਸੀ ਅਤੇ ਸਾਹ ਵੀ ਨਹੀਂ ਚਲ ਰਹੇ ਸਨ।
ਹਸਪਤਾਲ ਲਗਾਤਾਰ ਮੰਗ ਰਿਹਾ ਸੀ ਪੈਸੇ
ਸ਼ਵੇਤਾ ਦੀ ਆਈ.ਸੀ.ਯੂ. 'ਚ ਭਰਤੀ ਦੌਰਾਨ ਹਸਪਤਾਲ ਵਾਲੇ ਪਰਿਵਾਰ ਨੂੰ ਮਿਲਣ ਹੀ ਨਹੀਂ ਦੇ ਰਹੇ ਸਨ ਅਤੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ। ਬੇਟੀ ਨੂੰ ਬੇਸੁਧ ਹਾਲਤ 'ਚ ਦੇਖ ਕੇ ਪਿਤਾ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੈਸੇ ਜਮ੍ਹਾ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਕੁਝ ਦੇਰ ਬਾਅਦ ਹੀ ਡਾਕਟਰਾਂ ਨੇ ਸ਼ਵੇਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹਸਪਤਾਲ ਪ੍ਰਸ਼ਾਸਨ ਵਲੋਂ ਜਾਰੀ ਬਿਆਨ
ਹਸਪਤਾਲ ਦੇ ਕਵਾਲਿਟੀ ਐਂਡ ਸੇਫਟੀ ਦੇ ਚੇਅਰਮੈਨ ਡਾ. ਰਮੇਸ਼ ਚਾਂਦਨਾ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਿਤਾ ਵਲੋਂ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਨੂੰ ਟਾਈਫਾਈਡ ਸੀ ਅਤੇ ਗੁਰਦੇ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ ਇਸ ਲਈ ਮਰੀਜ਼ ਨੂੰ ਤੁਰੰਤ ਆਈ.ਸੀ.ਯੂ. 'ਚ ਭਰਤੀ ਕੀਤਾ ਸੀ। ਇਲਾਜ 'ਚ 18 ਲੱਖ ਦੇ ਕਰੀਬ ਖਰਚਾ ਆਇਆ ਹੈ ਜਿਸ 'ਚ ਪਰਿਵਾਰ ਵਾਲਿਆਂ ਨੇ 10 ਲੱਖ ਦੇ ਕਰੀਬ ਰੁਪਏ ਜਮ੍ਹਾ ਕਰਵਾ ਦਿੱਤੇ ਹਨ। ਬਾਕੀ ਦੇ ਪੈਸੇ ਮਾਫ ਕਰਕੇ ਪਰਿਵਾਰ ਵਾਲਿਆਂ ਨੂੰ ਲਾਸ਼ ਦੇ ਦਿੱਤੀ ਗਈ ਹੈ।
ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਕੀਤਾ ਮ੍ਰਿਤ ਘੋਸ਼ਿਤ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੈਸੇ ਦਿੰਦੇ ਰਹੇ ਉਹ ਸ਼ਵੇਤਾ ਨੂੰ ਜ਼ਿੰਦਾ ਦੱਸਦੇ ਰਹੇ, ਜਿਸ ਦਿਨ ਪੈਸੇ ਦੇਣ ਤੋਂ ਮਨ੍ਹਾ ਕੀਤਾ ਉਸੇ ਦਿਨ ਸ਼ਵੇਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਿਤਾ ਨੇ ਕਿਹਾ ਕਿ 1 ਦਿਨ 'ਚ 116 ਇੰਜੈਕਸ਼ਨ ਉਨ੍ਹਾਂ ਦੀ ਬੇਟੀ ਨੂੰ ਲਗਾਏ ਗਏ, ਸਾਢੇ 8 ਲੱਖ ਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਡਿਲਵਰੀ ਦਾ ਚਾਰਜ 35,000 ਰੁਪਏ, ਜਦਕਿ 18 ਯੂਨਿਟ ਖੂਨ ਉਸਨੇ ਖੁਦ ਦਿੱਤਾ ਸੀ। ਪਰ ਉਸਦਾ ਵੀ ਖਰਚਾ ਹਸਪਤਾਲ ਵਾਲਿਆਂ ਨੇ 1,80,000 ਰੁਪਏ ਦੇ ਕਰੀਬ ਲਗਾਇਆ।
ਹਸਪਤਾਲ ਵਾਲਿਆਂ ਵਲੋਂ ਸਫਾਈ ਦੇਣ ਦੇ ਬਾਵਜੂਦ ਸ਼ਵੇਤਾ ਦੇ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਹਨ ਅਤੇ ਹਸਪਤਾਲ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਸਪਤਾਲਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਪੈਸਿਆਂ ਦੀ ਖਾਤਰ ਲੋਕਾਂ ਨੂੰ ਮਾਰ ਰਹੇ ਹਨ।
