ਮਿਡ-ਡੇਅ-ਮੀਲ ਖਾਣ ਵਾਲੇ ਹੋ ਜਾਣ ਸਾਵਧਾਨ! ਭੋਜਨ ''ਚੋਂ ਮਿਲਿਆ ਮਰਿਆ ਸਪੋਲੀਆ

Friday, Jul 05, 2024 - 04:50 PM (IST)

ਮਿਡ-ਡੇਅ-ਮੀਲ ਖਾਣ ਵਾਲੇ ਹੋ ਜਾਣ ਸਾਵਧਾਨ! ਭੋਜਨ ''ਚੋਂ ਮਿਲਿਆ ਮਰਿਆ ਸਪੋਲੀਆ

ਸਾਂਗਲੀ- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੱਛਮੀ ਮਹਾਰਾਸ਼ਟਰ ਦੇ ਇਕ ਆਂਗਣਵਾੜੀ 'ਚ ਬੱਚਿਆਂ ਲਈ ਆਏ ਮਿਡ-ਡੇਅ-ਮੀਲ ਭੋਜਨ ਵਿਚੋਂ ਇਕ ਮਰਿਆ ਹੋਇਆ ਸਪੋਲੀਆ ਮਿਲਿਆ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪ੍ਰਸ਼ਾਸ਼ਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ਿਕਾਇਤ ਮਿਲਣ ਮਗਰੋਂ ਸਾਂਗਲੀ ਜ਼ਿਲ੍ਹਾ ਕਲੈਕਟਰ ਰਾਜਾ ਦਇਆਨਿਧੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਰਿਪੋਰਟ ਆਉਣ ਮਗਰੋਂ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ।

ਸੂਬਾ ਆਂਗਣਵਾੜੀ ਕਰਮਚਾਰੀ ਸੰਘ ਦੀ ਉਪ ਪ੍ਰਧਾਨ ਆਨੰਦੀ ਭੋਸਲੇ ਮੁਤਾਬਕ ਪੁਲਸ ਵਿਚ ਇਕ ਬੱਚੇ ਦੇ ਮਾਪਿਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 6 ਮਹੀਨੇ ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਮਿਡ-ਡੇ-ਮੀਲ ਦੇ ਪੈਕੇਟ ਦਿੱਤੇ ਜਾਂਦੇ ਹਨ। ਇਨ੍ਹਾਂ ਪੈਕਟਾਂ ਵਿਚ ਦਾਲ ਖਿਚੜੀ ਹੁੰਦੀ ਹੈ। ਇਸੇ ਤਰ੍ਹਾਂ ਸੋਮਵਾਰ ਨੂੰ ਬੱਚਿਆਂ ਦਰਮਿਆਨ ਆਂਗਣਵਾੜੀ ਵਰਕਰਾਂ ਨੇ ਖਾਣੇ ਦੇ ਪੈਕੇਟ ਵੰਡੇ। ਇਕ ਬੱਚੇ ਦੇ ਮਾਤਾ-ਪਿਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਿਲੇ ਪੈਕੇਟ ਵਿਚ ਇਕ ਛੋਟਾ ਮਰਿਆ ਹੋਇਆ ਸਪੋਲੀਆ ਸੀ। ਫੂਡ ਪੈਕੇਟ ਲੈਬ ਟੈਸਟ ਲਈ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਸੂਬਾ ਸਰਕਾਰ ਵਲੋਂ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਪੋਸ਼ਣ ਯੋਜਨਾ ਤਹਿਤ ਪੌਸ਼ਟਿਕ ਭੋਜਨ ਦਾ ਫੂਡ ਪੈਕੇਟ ਦਿੱਤਾ ਜਾਂਦਾ ਹੈ। ਅਜਿਹੇ ਹੀ ਇਕ ਪੌਸ਼ਟਿਕ ਭੋਜਨ ਦੇ ਪੈਕੇਟ ਵਿਚ ਛੋਟਾ ਮਰਿਆ ਹੋਇਆ ਸਪੋਲੀਆ ਮਿਲਿਆ, ਜਿਸ ਤੋਂ ਬਾਅਦ ਇਨ੍ਹਾਂ ਪੈਕਟਾਂ ਨੂੰ ਬੱਚਿਆਂ ਦਰਮਿਆਨ ਵੰਡਣਾ ਬੰਦ ਕਰ ਦਿੱਤਾ ਗਿਆ ਹੈ।


author

Tanu

Content Editor

Related News