ਜੰਮੂ : ਸਾਂਬਾ ਤੋਂ ਲਾਪਤਾ ਵਿਦਿਆਰਥਣ ਦੀ ਲਾਸ਼ ਪੰਜਾਬ ''ਚ ਮਿਲੀ
Monday, Aug 22, 2022 - 03:34 PM (IST)
ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੀ ਇਕ ਕਾਲਜ ਵਿਦਿਆਰਥਣ ਦੀ ਪੰਜਾਬ ਵਿਚ ਲਾਸ਼ ਮਿਲਣ ਤੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਸਾਂਬਾ ਜ਼ਿਲ੍ਹੇ ਵਿਚ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਂਬਾ ਮੰਡਲ ਦੇ ਮਦਕੋਲੀ ਪਿੰਡ ਦੀ ਰਹਿਣ ਵਾਲੀ 20 ਸਾਲਾ ਵਿਦਿਆਰਥਣ ਸ਼ਨੀਵਾਰ ਨੂੰ ਸਾਂਬਾ ਦੇ 'ਸਰਕਾਰੀ ਡਿਗਰੀ ਕਾਲਜ' ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਐਤਵਾਰ ਨੂੰ ਲੁਧਿਆਣਾ 'ਚ ਭੇਤਭਰੇ ਹਾਲਾਤਾਂ 'ਚ ਮਿਲੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਸ਼ਨੀਵਾਰ ਸ਼ਾਮ ਸਥਾਨਕ ਪੁਲਸ ਸਟੇਸ਼ਨ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਵਿਦਿਆਰਥਣ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਕਾਲਜ ਦੇ ਦੋਸਤਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਸਾਂਬਾ ਕਸਬੇ ਨੇੜੇ ਹਾਈਵੇਅ ਜਾਮ ਕਰ ਦਿੱਤਾ ਅਤੇ ਉਸ ਦੀ ਮੌਤ ਦੀ ਸਹੀ ਜਾਂਚ ਦੀ ਮੰਗ ਕੀਤੀ। ਮ੍ਰਿਤਕ ਵਿਦਿਆਰਥਣ ਦੇ ਰਿਸ਼ਤੇਦਾਰ ਨੇ ਕਿਹਾ,''ਉਸ ਦੀ ਗੁੰਮਸ਼ੁਦਗੀ ਅਤੇ ਬਾਅਦ 'ਚ ਹੋਈ ਮੌਤ ਕਿਸੇ ਸਾਜ਼ਿਸ਼ ਦਾ ਸੰਕੇਤ ਹੈ... ਅਸੀਂ ਨਿਆਂ ਚਾਹੁੰਦੇ ਹਾਂ, ਜੋ ਨਿਰਪੱਖ ਜਾਂਚ ਤੋਂ ਬਾਅਦ ਹੀ ਮਿਲ ਸਕਦਾ ਹੈ।'' ਹਾਲਾਂਕਿ ਪੁਲਸ ਅਤੇ ਨਾਗਰਿਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ।