ਬਿਨਾਂ ਵਿਆਹ ਗਰਭਵਤੀ ਹੋਈ ਧੀ, ਪਿਓ ਨੇ ਨਦੀ ’ਚ ਡੋਬ ਕੇ ਮਾਰੀ

Thursday, Aug 06, 2026 - 04:33 AM (IST)

ਬਿਨਾਂ ਵਿਆਹ ਗਰਭਵਤੀ ਹੋਈ ਧੀ, ਪਿਓ ਨੇ ਨਦੀ ’ਚ ਡੋਬ ਕੇ ਮਾਰੀ

ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਆਨਰ ਕਿਲਿੰਗ ਦਾ ਇਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਦੱਖਣੀ ਦਿੱਲੀ ਦੇ ਤਿਗੜੀ ਇਲਾਕੇ ਵਿਚ ਰਹਿਣ ਵਾਲੇ ਇਕ ਪਿਓ ਨੇ ਆਪਣੀ 18 ਸਾਲਾ ਕੁਆਰੀ ਅਤੇ ਕਥਿਤ ਗਰਭਵਤੀ ਧੀ ਨੂੰ ਦਵਾਈ ਦਿਵਾਉਣ ਦੇ ਬਹਾਨੇ ਆਗਰਾ ਦੇ ਬਾਸੌਨੀ ਖੇਤਰ ਲਿਆ ਕੇ ਚੰਬਲ ਨਦੀ ਵਿਚ ਡੋਬ ਕੇ ਮਾਰ ਦਿੱਤਾ। ਧੀ ਦਾ ਕਤਲ ਕਰਨ ਤੋਂ ਬਾਅਦ ‘ਝੂਠੀ ਸ਼ਾਨ’ ਵਿਚ ਅੰਨ੍ਹੇ ਹੋਏ ਪਿਓ ਨੇ ਨਦੀ ਵਿਚ ਪਈ ਲਾਸ਼ ਦੇ ਪੈਰੀਂ ਹੱਥ ਲਾ ਕੇ ਮੁਆਫ਼ੀ ਮੰਗੀ।

ਪੁਲਸ ਅਨੁਸਾਰ, ਕੁੜੀ ਦੇ ਪਰਿਵਾਰ ਵਾਲਿਆਂ ਨੇ ਦਿੱਲੀ ਦੇ ਤਿਗੜੀ ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਜਾਂਚ ਦੌਰਾਨ ਪੁਲਸ ਨੂੰ ਪਰਿਵਾਰ ਦੀ ਕਹਾਣੀ ’ਤੇ ਸ਼ੱਕ ਹੋਇਆ। ਪੁੱਛਗਿੱਛ ਦੌਰਾਨ ਪਿਓ ਨੇ ਕਥਿਤ ਤੌਰ ’ਤੇ ਵਾਰਦਾਤ ਕਬੂਲ ਕਰ ਲਈ। ਪੁਲਸ ਮੁਤਾਬਕ, ਕੁੜੀ ਦੇ ਕਥਿਤ ਗਰਭਵਤੀ ਹੋਣ ਤੋਂ ਪਰਿਵਾਰ ਨਾਰਾਜ਼ ਸੀ। ਮੁਲਜ਼ਮ ਪਿਓ ਅਤੇ ਉਸ ਦੇ ਜਵਾਈ ਨੂੰ ਲੈ ਕੇ ਪੁਲਸ ਆਗਰਾ ਪਹੁੰਚੀ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੰਬਲ ਨਦੀ ਵਿਚ ਕੁੜੀ ਦੀ ਭਾਲ ਸ਼ੁਰੂ ਕੀਤੀ ਗਈ। ਮਾਮਲੇ ਦੀ ਜਾਂਚ ਦਿੱਲੀ ਅਤੇ ਆਗਰਾ ਪੁਲਸ ਸਾਂਝੇ ਤੌਰ ’ਤੇ ਕਰ ਰਹੀਆਂ ਹਨ।
 


author

Inder Prajapati

Content Editor

Related News