ਦੁਕਾਨ ''ਚ ਲੱਗ ਗਈ ਅੱਗ ! ਮਾਂ-ਧੀ ਦੀ ਦਰਦਨਾਕ ਮੌਤ, ਪਿਓ ਵੀ ਗੰਭੀਰ ਰੂਪ ''ਚ ਝੁਲਸਿਆ
Thursday, Oct 08, 2026 - 05:23 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਖੇਕੜਾ ਕਸਬੇ 'ਚ ਵੀਰਵਾਰ ਸਵੇਰੇ ਇੱਕ ਦੁਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਮਾਂ ਅਤੇ ਉਸ ਦੀ 6 ਸਾਲਾ ਧੀ ਦੀ ਜ਼ਿੰਦਾ ਸੜ ਕੇ ਦਰਦਨਾਕ ਮੌਤ ਹੋ ਗਈ। ਇਸ ਹਾਦਸੇ 'ਚ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪਰਿਵਾਰ ਦਾ ਮੁਖੀ ਵੀ ਗੰਭੀਰ ਰੂਪ ਵਿੱਚ ਝੁਲਸ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਬਾਗਪਤ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਦਿਵਿਆਂਸ਼ੂ ਪਟੇਲ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਖੇਕੜਾ ਕਸਬੇ ਦੇ ਮੇਨ ਬਾਜ਼ਾਰ ਸਥਿਤ ਦੁਕਾਨ 'ਚ ਸਵੇਰੇ ਅਚਾਨਕ ਅੱਗ ਭੜਕ ਉੱਠੀ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਜਲਦੀ ਹੀ ਦੁਕਾਨ ਦੇ ਨਾਲ-ਨਾਲ ਉੱਪਰਲੀ ਮੰਜ਼ਿਲ 'ਤੇ ਬਣੇ ਘਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅਗਨੀਕਾਂਡ 'ਚ ਦੁਕਾਨ ਦੇ ਅੰਦਰ ਮੌਜੂਦ ਸਵਾਤੀ ਜੈਨ (ਪਤਨੀ) ਅਤੇ ਉਸ ਦੀ 6 ਸਾਲਾ ਮਾਸੂਮ ਧੀ ਅਨੰਨਿਆ ਜੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਅੰਕੁਰ ਜੈਨ ਗੰਭੀਰ ਰੂਪ 'ਚ ਝੁਲਸ ਗਏ।
ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਚ ਕਾਬੂ ਪਾਇਆ। ਗੰਭੀਰ ਰੂਪ 'ਚ ਝੁਲਸੇ ਅੰਕੁਰ ਜੈਨ ਨੂੰ ਪਹਿਲਾਂ ਖੇਕੜਾ ਦੇ ਸੀ.ਐੱਚ.ਸੀ. (CHC) 'ਚ ਮੁੱਢਲਾ ਇਲਾਜ ਦਿੱਤਾ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਡੀ.ਐੱਮ. ਦਿਵਿਆਂਸ਼ੂ ਪਟੇਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਰਕਾਰੀ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਦਿੱਤੇ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
