ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਗਏ ਡੈਮ ਦੇ ਗੇਟ
Sunday, Jun 29, 2025 - 05:29 PM (IST)

ਇਡੁੱਕੀ (ਕੇਰਲ)- ਕੇਰਲ ਵਿਚ ਸਥਿਤ ਮੁੱਲਾਪੇਰੀਆਰ ਡੈਮ ਦੇ ਪਾਣੀ ਦਾ ਪੱਧਰ ਆਪਣੀ ਪੂਰੀ ਸਮਰੱਥਾ ਦੇ ਨੇੜੇ ਪਹੁੰਚਣ ਮਗਰੋਂ ਅਧਿਕਾਰੀਆਂ ਨੇ ਐਤਵਾਰ ਨੂੰ ਡੈਮ ਦੇ 13 ਗੇਟ ਖੋਲ੍ਹ ਦਿੱਤੇ ਅਤੇ ਪਾਣੀ ਨੂੰ ਪੇਰੀਆਰ ਨਦੀ ਵਿਚ ਛੱਡ ਦਿੱਤਾ। ਤਾਮਿਲਨਾਡੂ ਜਲ ਸਰੋਤ ਵਿਭਾਗ ਵਲੋਂ ਕੇਰਲ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਹਰੇਕ ਗੇਟ ਨੂੰ 10 ਸੈਂਟੀਮੀਟਰ ਉੱਪਰ ਚੁੱਕਿਆ ਗਿਆ ਹੈ ਅਤੇ ਹੁਣ ਪ੍ਰਤੀ ਸਕਿੰਟ ਲਗਭਗ 250 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਡੈਮ ਦੇ ਪਾਣੀ ਦਾ ਪੱਧਰ 136 ਫੁੱਟ ਨੂੰ ਪਾਰ ਕਰਨ ਤੋਂ ਬਾਅਦ ਸਵੇਰੇ 11:35 ਵਜੇ ਗੇਟ ਖੋਲ੍ਹੇ ਗਏ। ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਹੈ। ਇਡੁੱਕੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਦਿਨਾਂ ਦੀ ਤਿਆਰੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ, ਕਿਉਂਕਿ ਡੈਮ ਦਾ ਸੰਚਾਲਨ ਕਰਨ ਵਾਲੇ ਤਾਮਿਲਨਾਡੂ ਨੇ ਸੰਕੇਤ ਦਿੱਤਾ ਸੀ ਕਿ ਪਾਣੀ ਦਾ ਪੱਧਰ 136 ਫੁੱਟ ਤੱਕ ਪਹੁੰਚਣ 'ਤੇ ਗੇਟ ਖੋਲ੍ਹ ਸਕਦਾ ਹੈ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਪੇਰੀਆਰ, ਮੰਜੂਮਾਲਾ, ਉੱਪੁਥੁਰਾ, ਏਲਾਪਾਰਾ, ਅਯੱਪਾਂਕੋਵਿਲ, ਕਾਂਚਿਆਰ, ਅਨਾਵਿਲਾਸਮ ਸਮੇਤ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਸੀ। 20 ਤੋਂ ਵੱਧ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਸਥਾਨਕ ਪੁਲਸ ਅਤੇ ਮਾਲ ਅਧਿਕਾਰੀਆਂ ਨੂੰ ਜ਼ਰੂਰੀ ਪੁਨਰਵਾਸ ਵਿਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।