ਅਨਸੂਚਿਤ ਜਾਤੀ ਦੇ ਲਾੜੇ ਨੂੰ ਘੋੜੀ ਚੜ੍ਹਨ ਤੋਂ ਰੋਕਿਆ ਤਾਂ ਪਿਆ ਬਖੇੜਾ, ਫਿਰ ਡੀ.ਜੇ. ਵਜਾ ਕੇ ਨਿਕਲੀ ਬਰਾਤ

Saturday, Jan 29, 2022 - 03:47 PM (IST)

ਅਨਸੂਚਿਤ ਜਾਤੀ ਦੇ ਲਾੜੇ ਨੂੰ ਘੋੜੀ ਚੜ੍ਹਨ ਤੋਂ ਰੋਕਿਆ ਤਾਂ ਪਿਆ ਬਖੇੜਾ, ਫਿਰ ਡੀ.ਜੇ. ਵਜਾ ਕੇ ਨਿਕਲੀ ਬਰਾਤ

ਨੀਮਚ- ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਅਨਸੂਚਿਤ ਜਾਤੀ ਦੇ ਨੌਜਵਾਨ ਨੂੰ ਪੁਲਸ ਦੇ ਸਾਏ ਹੇਠ ਬਰਾਤ ਲਿਜਾਉਣੀ ਪਈ। ਇਸ ਦਾ ਕਾਰਨ ਗੁੰਡਿਆਂ ਦੀ ਧਮਕੀ ਦੱਸੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਨਸਾ ਥਾਣਾ ਖੇਤਰ ਦੇ ਸਰਸੀ ਪਿੰਡ 'ਚ ਦਬੰਗਾਂ ਨੇ ਅਨਸੂਚਿਤ ਜਾਤੀ ਲਾੜੇ ਨੂੰ ਘੋੜੀ 'ਤੇ ਚੜ੍ਹ ਕੇ ਬਰਾਤ ਨਹੀਂ ਲਿਜਾਉਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ਮਿਲਣ ’ਤੇ ਪੁਲਸ ਅਧਿਕਾਰੀ ਪਿੰਡ ਪੁੱਜੇ ਅਤੇ ਡੀਜੇ ਵਜਾ ਕੇ ਧੂਮਧਾਮ ਨਾਲ ਬਰਾਤ ਕਢਵਾਈ। ਬਰਾਤ ਲਿਜਾਉਣ ਤੋਂ ਪਹਿਲਾਂ 100 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਪਿੰਡ 'ਚ ਫਲੈਗ ਮਾਰਚ ਕੀਤਾ, ਫਿਰ ਬਰਾਤ ਨੂੰ ਸੁਰੱਖਿਆ ਦੇ ਕੇ ਪਿੰਡ 'ਚੋਂ ਬਾਹਰ ਕੱਢਿਆ। ਇਸ ਦੌਰਾਨ ਲੋਕ ਡਰ ਦੇ ਸਾਏ 'ਚ ਵੀ ਨੱਚਦੇ ਦਿੱਸੇ। ਲਾੜਾ ਵੀ ਹੱਥ ਵਿਚ ਸੰਵਿਧਾਨ ਦੀ ਕਾਪੀ ਲੈ ਕੇ ਘੋੜੀ 'ਤੇ ਬੈਠਾ ਸੀ। ਇਹ ਘਟਨਾ ਗਣਤੰਤਰ ਦਿਵਸ ਤੋਂ ਅਗਲੇ ਦਿਨ ਹੈ।

ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ

ਪ੍ਰਾਪਤ ਜਾਣਕਾਰੀ ਅਨੁਸਾਰ ਮਨਾਸਾ ਤੋਂ ਕਰੀਬ 3 ਕਿਲੋਮੀਟਰ ਦੂਰ ਸਥਿਤ ਪਿੰਡ ਸਰਸੀ ਦੇ ਫਕੀਰਚੰਦ ਮੇਘਵਾਲ ਨੇ ਕੁਝ ਸਮਾਂ ਪਹਿਲਾਂ ਬੇਟੇ ਰਾਹੁਲ ਦੇ ਵਿਆਹ 'ਚ ਮਾਹੌਲ ਖਰਾਬ ਕਰਨ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ। ਇਸ ’ਤੇ ਕੁਲੈਕਟਰ ਨੇ ਪੁਲਸ ਅਧਿਕਾਰੀਆਂ ਨੂੰ ਅਨਸੂਚਿਤ ਜਾਤੀ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਸਨ। ਵੀਰਵਾਰ ਨੂੰ ਜਦੋਂ ਰਾਹੁਲ ਦੀ ਬਿੰਦੋਲੀ (ਬਰਾਤ) ਨਿਕਲੀ ਤਾਂ ਪੂਰੇ ਪਿੰਡ 'ਚ ਤਿੰਨ ਥਾਣਿਆਂ ਦੀ ਪੁਲਸ ਮੌਜੂਦ ਸੀ। ਪੁਲਸ ਫ਼ੋਰਸ ਨੇ ਬਰਾਤ ਤੋਂ ਪਹਿਲਾਂ ਪਿੰਡ 'ਚ ਫਲੈਗ ਮਾਰਚ ਕੱਢਿਆ। ਇਸ ਤੋਂ ਬਾਅਦ ਬਰਾਤ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਦੀ ਮੌਜੂਦਗੀ 'ਚ ਨਿਕਲੀ। ਇਸ ਦੌਰਾਨ ਤਹਿਸੀਲਦਾਰ, ਐਸ.ਡੀ.ਓ.ਪੀ., ਐਸ.ਡੀ.ਐਮ. ਸਮੇਤ ਕਈ ਅਧਿਕਾਰੀ ਮੌਜੂਦ ਸਨ। ਅਨਸੂਚਿਤ ਜਾਤੀ ਲਾੜੇ ਰਾਹੁਲ ਮੇਘਵਾਲ ਨੇ ਦੱਸਿਆ ਕਿ ਦਬੰਗਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਘੋੜੀ 'ਤੇ ਬਰਾਤ ਨਿਕਲੀ  ਤਾਂ ਉਸ ਨੂੰ ਇਕ ਸਾਲ 'ਚ ਪਿੰਡ ਛੱਡਣਾ ਪਵੇਗਾ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਜ਼ਿਲ੍ਹਾ ਕੁਲੈਕਟਰ ਨੂੰ ਦਰਖਾਸਤ ਦਿੱਤੀ ਤਾਂ ਪੁਲਸ ਅਧਿਕਾਰੀ ਆਏ ਅਤੇ ਬਰਾਤ ਨਿਕਲੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News