ਚੱਕਰਵਾਤੀ ਤੂਫਾਨ ''ਵਾਯੂ'' ਨੂੰ ਦੇਖਦੇ ਹੋਏ ਰਾਹੁਲ ਨੇ ਕਾਂਗਰਸ ਵਰਕਰਾਂ ਨੂੰ ਕੀਤੀ ਅਪੀਲ
Wednesday, Jun 12, 2019 - 10:44 AM (IST)

ਨਵੀਂ ਦਿੱਲੀ (ਵਾਰਤਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਵਿਚ ਚੱਕਰਵਾਤੀ ਤੂਫਾਨ 'ਵਾਯੂ' ਨਾਲ ਨਜਿੱਠਣ ਲਈ ਕਾਂਗਰਸ ਵਰਕਰਾਂ ਨੂੰ ਲੋਕਾਂ ਦੀ ਮਦਦ ਲਈ ਤਿਆਰ ਰਹਿਣ ਨੂੰ ਕਿਹਾ ਹੈ। ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਚੱਕਰਵਾਤੀ ਤੂਫਾਨ 'ਵਾਯੂ' ਗੁਜਰਾਤ ਦੇ ਤੱਟ ਦੇ ਨੇੜੇ ਪਹੁੰਚਣ ਵਾਲਾ ਹੈ। ਮੈਂ ਗੁਜਰਾਤ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਦੇ ਰਾਹ ਵਿਚ ਆਉਣ ਵਾਲੇ ਸਾਰੇ ਖੇਤਰਾਂ ਵਿਚ ਮਦਦ ਲਈ ਤਿਆਰ ਰਹਿਣ। ਮੈਂ ਚੱਕਰਵਾਤੀ ਤੂਫਾਨ ਤੋਂ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੇ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਕਲਿਆਣ ਲਈ ਪਰਮਾਤਮਾ ਨੂੰ ਪ੍ਰਾਰਥਨ ਕਰਦਾ ਹਾਂ।''
ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਵਿਚ ਹਵਾ ਦੇ ਘੱਟ ਦਬਾਅ ਦੀ ਸਥਿਤੀ ਗਹਿਰਾਉਣ ਕਾਰਨ ਪੈਦਾ ਚੱਕਰਵਾਤੀ ਤੂਫਾਨ 'ਵਾਯੂ' 13 ਜੂਨ ਦੀ ਸਵੇਰ ਤਕ ਗੁਜਰਾਤ ਪਹੁੰਚ ਜਾਵੇਗਾ, ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ।