‘ਤੌਕਤੇ’ ਦਾ ਕਹਿਰ: ਜਲ ਸੈਨਾ ਨੇ ਸਮੁੰਦਰੀ ਜਹਾਜ਼ ’ਤੇ ਸਵਾਰ 177 ਲੋਕਾਂ ਨੂੰ ਬਚਾਇਆ, ਰੈਸਕਿਊ ਜਾਰੀ

Tuesday, May 18, 2021 - 01:14 PM (IST)

ਮੁੰਬਈ— ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿਚ ਆਏ ਚੱਕਰਵਾਤ ਤੂਫ਼ਾਨ ‘ਤੌਕਤੇ’ ਕਾਰਨ ਸਮੁੰਦਰ ’ਚ ਬੇਕਾਬੂ ਹੋ ਕੇ ਵਹਿ ਗਏ ਸਮੁੰਦਰੀ ਜਹਾਜ਼ ’ਤੇ ਸਵਾਰ 177 ਲੋਕਾਂ ਨੂੰ ਬਚਾਅ ਲਿਆ ਹੈ ਅਤੇ ਬਾਕੀਆਂ ਦੀ ਭਾਲ ਅਜੇ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਖੋਜ ਅਤੇ ਬਚਾਅ ਕੰਮ ਸਾਰੀ ਰਾਤ ਚੱਲਿਆ ਅਤੇ ਸਮੁੰਦਰ ’ਚ ਚੁਣੌਤੀਪੂਰਨ ਹਲਾਤਾਂ ਦਾ ਸਾਹਮਣਾ ਕਰਦੇ ਹੋਏ ਮੰਗਲਵਾਰ ਨੂੰ 177 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਇਹ ਜਹਾਜ਼ ਮੁੰਬਈ ਦੇ ਨੇੜੇ ਤੂਫ਼ਾਨ ਦਰਮਿਆਨ ਸਮੁੰਦਰ ’ਚ ਫਸ ਗਿਆ, ਜਿਸ ’ਚ 273 ਲੋਕ ਸਵਾਰ ਸਨ। 

PunjabKesari

ਦਰਅਸਲ ਚੱਕਰਵਾਤ ਤੂਫ਼ਾਨ ’ਚ ਫਸੇ ਜਹਾਜ਼ ਪੀ-305 ਸਮੁੰਦਰ ’ਚ ਡੁੱਬਣ ਦੀ ਸੂਚਨਾ ਮਿਲੀ। ਜਿਸ ਤੋਂ ਤੁਰੰਤ ਬਾਅਦ ਜਲ ਸੈਨਾ ਨੇ ਇੰਡੀਅਨ ਨੇਵਲ ਪੀ-81 ਸਰਵਿਲਾਂਸ ਏਅਰਕ੍ਰਾਫਟ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।  ਜਲ ਸੈਨਾ ਦੇ ਹੈਲੀਕਾਪਟਰ ਵੀ ਇਸ ਕੰਮ ’ਚ ਜੁੱਟੇ ਹੋਏ ਹਨ। ਜਲ ਸੈਨਾ ਨੇ ਦੱਸਿਆ ਕਿ ਇਕ ਵੱਡੀ ਕਿਸ਼ਤੀ ਜਿਸ ’ਚ 273 ਲੋਕ ਸਵਾਰ ਸਨ, ਉਹ ਡੁੱਬ ਗਈ, ਜਿਸ ’ਚੋਂ 177 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਇਸ ਤੋਂ ਇਲਾਵਾ ਇਕ ਕਿਸ਼ਤੀ ਸੀ, ਜੋ ਕੋਲਾਬਾ ਤੋਂ ਕੁਝ ਦੂਰੀ ’ਤੇ ਫਸ ਗਈ ਸੀ, ਜਿਸ ’ਚ 137 ਲੋਕ ਸਵਾਰ ਸਨ, ਜਿਨ੍ਹਾਂ ਨੂੰ ਬਚਾਉਣ ਲਈ ਜਲ ਸੈਨਾ ਵਲੋਂ ਮਦਦ ਭੇਜੀ ਗਈ ਸੀ। 

PunjabKesari

ਜ਼ਿਕਰਯੋਗ ਹੈ ਕਿ ਤੂਫ਼ਾਨ ਤੌਕਤੇ ਨੇ ਮਹਾਰਾਸ਼ਟਰ ਵਿਚ ਬੀਤੇ ਦਿਨ ਦਸਤਕ ਦਿੱਤੀ। ਜਦਕਿ ਦੇਰ ਰਾਤ ਤੂਫ਼ਾਨ ਗੁਜਰਾਤ ਪੁੱਜਾ, ਉੱਥੇ ਵੀ ਕਾਫੀ ਨੁਕਸਾਨ ਹੋਇਆ ਹੈ। ਮੁੰਬਈ ’ਚ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪਿਆ ਅਤੇ ਉੱਥੇ ਹੀ ਗੁਜਰਾਤ, ਦਮਨ-ਦੀਵ ਦੇ ਤੱਟੀ ਇਲਾਕਿਆਂ ਵਿਚ ਵੀ ਅਜਿਹਾ ਹੀ ਅਸਰ ਵੇਖਣ ਨੂੰ ਮਿਲਿਆ। 


Tanu

Content Editor

Related News