ਮੁੰਬਈ ਆ ਕੇ ਕਮਜ਼ੋਰ ਪਿਆ ਤੂਫਾਨ ਨਿਸਰਗ, ਬਾਰਿਸ਼ ਹੋਈ ਪਰ ਖਤਰਾ ਟਲਿਆ
Wednesday, Jun 03, 2020 - 08:44 PM (IST)
ਮੁੰਬਈ/ਅਹਿਮਦਾਬਾਦ (ਏਜੰਸੀਆਂ) : ਚੱਕਰਵਾਤੀ ਤੂਫਾਨ ਨਿਸਰਗ ਬੁੱਧਵਾਰ ਦੁਪਹਿਰ ਕਰੀਬ ਸਾਢੇ 12 ਵਜੇ ਮਹਾਰਾਸ਼ਟਰ ਦੇ ਤੱਟਵਰਤੀ ਖੇਤਰ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫਾਨ ਦਾ ਮੁੰਬਈ ਲਈ ਖਤਰਾ ਲੱਗਭੱਗ ਖਤਮ ਹੋ ਚੁੱਕਾ ਹੈ। ਮੁੰਬਈ ਦੇ ਜ਼ਿਆਦਾਤਰ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਜਾਰੀ ਰਹੇਗੀ। ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਕਾਰਨ ਕਈ ਥਾਵਾਂ 'ਤੇ ਦਰੱਖਤ ਟੁੱਟ ਕੇ ਡਿੱਗ ਗਏ। ਤੂਫਾਨ ਦੇ ਮੱਦੇਨਜ਼ਰ ਬਾਂਦਰਾ-ਵਰਲੀ ਸੀ-ਲਿੰਕ 'ਤੇ ਟ੍ਰੈਫਿਕ ਦੀ ਆਵਾਜਾਈ ਰੋਕ ਦਿੱਤੀ ਗਈ। ਮਹਾਰਾਸ਼ਟਰ 'ਚ ਐਨ.ਡੀ.ਆਰ.ਐਫ. ਦੀਆਂ ਟੀਮਾਂ ਤਾਇਨਾਤ ਹਨ। ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਅਤੇ ਮੁੰਬਈ ਏਅਰਪੋਰਟ 'ਤੇ ਵੀ ਸ਼ਾਮ 7 ਵਜੇ ਤੱਕ ਆਵਾਜਾਈ ਰੋਕ ਦਿੱਤੀ ਗਈ ਸੀ।
ਦੂਜੇ ਪਾਸੇ, ਚੱਕਰਵਾਤੀ ਤੂਫਾਨ ਦੇ ਚੱਲਦੇ ਗੁਜਰਾਤ ਦੇ ਦੱਖਣੀ ਤੱਟ 'ਚ ਹਾਲੇ ਤੱਕ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸਾਵਧਾਨੀ ਉਪਾਅ ਦੇ ਤੌਰ 'ਤੇ ਹਾਲੇ ਤੱਕ 8 ਜ਼ਿਲ੍ਹਿਆਂ 'ਚ ਤੱਟ ਦੇ ਕੋਲ ਰਹਿਣ ਵਾਲੇ 63,700 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਵਲਸਾਡ ਅਤੇ ਨਵਸਾਰੀ 'ਚ ਬਾਰਿਸ਼ ਹੋਈ, ਪਰ ਹਾਲਤ ਕਾਬੂ 'ਚ ਹਨ।