ਹੁਣ ਬੰਗਾਲ 'ਚ ਮੰਡਰਾਇਆ ਚੱਕਰਵਰਤੀ ਤੂਫਾਨ 'ਫਾਨੀ', ਓਡੀਸ਼ਾ 'ਚ 12 ਲੋਕਾਂ ਦੀ ਮੌਤ
Saturday, May 04, 2019 - 10:47 AM (IST)

ਭੁਵਨੇਸ਼ਵਰ-ਚੱਕਰਵਰਤੀ ਤੂਫਾਨ 'ਫਾਨੀ' ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਤੱਟ 'ਤੇ ਦਸਤਕ ਦਿੱਤੀ ਅਤੇ ਤੱਟੀ ਇਲਾਕਿਆਂ 'ਚ ਕਾਫੀ ਤਬਾਹੀ ਮਚਾਈ। ਓਡੀਸ਼ਾ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇਸ ਜਾਨਲੇਵਾ ਤੂਫਾਨ ਨੇ ਪੱਛਮੀ ਬੰਗਾਲ 'ਚ ਦਸਤਕ ਦਿੱਤੀ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਦੱਸਿਆ ਸੀ ਕਿ ਫਾਨੀ ਤੂਫਾਨ ਸ਼ਨੀਵਾਰ ਸਵੇਰੇ ਪੱਛਮੀ ਬੰਗਾਲ ਤੱਕ ਪਹੁੰਚ ਜਾਵੇਗਾ ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਦੇਰ ਰਾਤ ਬੰਗਾਲ ਦੇ ਕਈ ਇਲਾਕਿਆਂ 'ਚ ਇਸ ਤੂਫਾਨ ਦਾ ਅਸਰ ਦੇਖਣ ਨੂੰ ਮਿਲਿਆ। ਖੜਗਪੁਰ, ਈਸਟ ਮਿਦਾਨਪੁਰ, ਮੁਰਸ਼ਦਾਬਾਦ, ਨਾਰਥ 24 ਪਰਗਨਾ ਅਤੇ ਦਿਗਾ ਵਰਗੇ ਕਈ ਇਲਾਕਿਆਂ 'ਚ ਦੇਰ ਰਾਤ ਭਾਰੀ ਬਾਰਿਸ਼ ਹੋਈ। ਇਸ ਦੇ ਨਾਲ ਹੀ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲੀਆਂ ਪਰ ਹੁਣ ਤੱਕ ਬੰਗਾਲ 'ਚ ਫਾਨੀ ਨਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ ਫਿਲਹਾਲ ਖਤਰਾ ਟਲਦਾ ਨਜ਼ਰ ਆ ਰਿਹਾ ਹੈ ਪਰ ਹੁਣ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਆਪਣੀ ਚੋਣ ਰੈਲੀਆਂ ਨੂੰ ਵੀ ਰੱਦ ਕਰ ਦਿੱਤਾ ਹੈ। ਸੁਰੱਖਿਆ ਦੇ ਲਿਹਾਜ ਨਾਲ ਕੋਲਕੱਤਾ ਏਅਰਪੋਰਟ ਦੀ ਸਰਵਿਸ ਕੁਝ ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ।
ਦੱਸਿਆ ਜਾਂਦਾ ਹੈ ਕਿ ਇਸ ਚੱਕਰਵਰਤੀ ਤੂਫਾਨ ਫਾਨੀ ਨੇ ਓਡੀਸ਼ਾ ਦੇ ਪੁਰੀ ਅਤੇ ਭੁਵਨੇਸ਼ਵਰ ਸਮੇਤ ਕਈ ਇਲਾਕਿਆਂ 'ਚ ਬਿਜਲੀ ਦੇ ਖੰਭਿਆਂ ਅਤੇ ਰੁੱਖ ਤੱਕ ਉਖਾੜ ਦਿੱਤੇ। ਕਈ ਇਮਾਰਤਾਂ ਢਹਿ ਗਈਆਂ ਅਤੇ ਚਾਰੇ ਪਾਸੇ ਪਾਣੀ ਭਰ ਗਿਆ। ਇਸ ਤੋਂ ਇਲਾਵਾ 12 ਲੋਕਾਂ ਦੀ ਮੌਤ ਹੋ ਗਈ ਜਦਕਿ 160 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਇਸ ਤੋਂ ਇਲਾਵਾ ਚੱਕਰਵਰਤੀ ਤੂਫਾਨ ਫਾਨੀ ਦੇ ਚੱਲਦਿਆਂ ਭਾਰਤ ਦੇ ਤੱਟੀ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਉਤਰਨ ਨੂੰ ਕਿਹਾ ਗਿਆ ਹੈ। ਪੂਰਬੀ ਤੱਟ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਵੜਾ-ਚੇਨਈ ਮਾਰਗ ਕਰੀਬ 220 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਚੱਕਰਵਰਤੀ ਤੂਫਾਨ ਆਉਣ ਤੋਂ ਬਾਅਦ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਥਿਤੀ ਦੀ ਸਮੀਖਿਆ ਕੀਤੀ ਹੈ। ਓਡੀਸ਼ਾ ਦੇ ਰਾਜਧਾਨੀ ਭੁਵਨੇਸ਼ਵਰ ਅਤੇ ਪੁਰੀ ਸਮੇਤ ਕਈ ਇਲਾਕਿਆਂ 'ਚ ਸੰਚਾਲ ਲਾਈਨਾਂ 'ਚ ਰੁਕਾਵਟ ਆਈ ਹੈ। ਮੋਬਾਇਲ ਟਾਵਰ ਵੀ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ 11 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ ਹੈ।