ਤੇਜ਼ੀ ਨਾਲ ਗੁਜਰਾਤ ਵੱਲ ਵਧ ਰਿਹਾ ਸਮੁੰਦਰੀ ਤੂਫਾਨ ‘ਬਿਪਰਜੋਏ’, 7500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ

Tuesday, Jun 13, 2023 - 12:06 PM (IST)

ਅਹਿਮਦਾਬਾਦ, (ਭਾਸ਼ਾ)- ਸਮੁੰਦਰੀ ਤੂਫ਼ਾਨ ‘ਬਿਪਰਜੋਏ’ ਵਲੋਂ ਬੇਹੱਦ ਗੰਭੀਰ ਰੂਪ ਧਾਰਨ ਕਰਨ ਤੋਂ ਬਾਅਦ ਕਈ ਸੂਬਿਆਂ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਅਰਬ ਸਾਗਰ ਵਿੱਚ ਹੜ੍ਹ ਦਾ ਖ਼ਤਰਾ ਹੈ। ਇਸ ਦਾ ਅਸਰ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਵੇਖਣ ਨੂੰ ਮਿਲ ਰਿਹਾ ਹੈ।

ਗੁਜਰਾਤ, ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਲਕਸ਼ਦੀਪ ਦੇ ਸਮੰਦਰੀ ਕੰਢਿਆਂ ਵਾਲੇ ਇਲਾਕਿਆਂ ਵਿੱਚ ਤਬਾਹੀ ਦਾ ਖਦਸ਼ਾ ਹੈ। ਖ਼ਰਾਬ ਮੌਸਮ ਕਾਰਨ ਮੁੰਬਈ ਵਿੱਚ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ।

ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਕਿਹਾ ਕਿ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਹੈ। ਕੱਛ, ਪੋਰਬੰਦਰ, ਦੇਵਭੂਮੀ ਦਵਾਰਕਾ, ਜਾਮਨਗਰ, ਜੂਨਾਗੜ੍ਹ ਅਤੇ ਮੋਰਬੀ ਦੇ ਸਮੁੰਦਰੀ ਕੰਢਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਮੱਛੀਆਂ ਫੜਨ ਲਈ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਬੰਦਰਗਾਹਾਂ 'ਤੇ ਚਿਤਾਵਨੀ ਸੰਕੇਤ ਵੀ ਲਾਏ ਗਏ ਹਨ। ਅਧਿਕਾਰੀਆਂ ਮੁਤਾਬਕ ਕਰੀਬ 7,500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ । ਕੱਛ-ਸੌਰਾਸ਼ਟਰ ਜ਼ਿਲਿਆਂ ’ਚ ਸਮੁੰਦਰੀ ਕੰਢਿਆਂ ਤੋਂ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਸਨੀਕਾਂ ਨੂੰ ਸੁਰਖਿਅਤ ਥਾਵਾਂ ’ਤੇ ਭੇਜਣ ਦੀ ਮੁਹਿੰਮ ਮੰਗਲਵਾਰ ਸ਼ੁਰੂ ਹੋਵੇਗੀ।

ਕੱਛ ਜ਼ਿਲੇ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ । ਸਾਰੇ ਸਕੂਲ ਅਤੇ ਕਾਲਜ 15 ਜੂਨ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਦੱਖਣੀ ਅਤੇ ਉੱਤਰੀ ਗੁਜਰਾਤ ਦੇ ਸਮੁੰਦਰੀ ਕੰਢਿਆਂ ਵਾਲੇ ਜ਼ਿਲਿਆਂ ਵਲਸਾਡ, ਗਿਰ ਸੋਮਨਾਥ, ਭਾਵਨਗਰ ਅਤੇ ਅਮਰੇਲੀ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਸਵੇਰੇ ਹਲਕੀ ਬਾਰਿਸ਼ ਹੋਈ।

ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਜ਼ਿਲਿਆਂ ਵਿੱਚ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ.ਆਰ.ਐੱਫ. ਦੀਆਂ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਪ੍ਰਸ਼ਾਸਨ ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਇੰਡੀਅਨ ਕੋਸਟਲ ਗਾਰਡਾਂ ਦੇ ਸੰਪਰਕ ਵਿੱਚ ਹੈ।


Rakesh

Content Editor

Related News