ਕਸਟਮ ਵਿਭਾਗ ਨੇ ਫੜੀ 110 ਕਰੋੜ ਰੁਪਏ ਦੀ ਟ੍ਰਾਮਾਡੋਲ 68 ਲੱਖ ਗੋਲੀਆਂ
Monday, Jul 29, 2024 - 03:42 PM (IST)
ਅਹਿਮਦਾਬਾਦ- ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ 'ਤੇ ਕਸਟਮ ਵਿਭਾਗ ਨੇ ਪੱਛਮੀ ਅਫਰੀਕੀ ਦੇਸ਼ਾਂ ਸਿਏਰਾ ਲਿਓਨ ਅਤੇ ਨਾਈਜਰ ਭੇਜੀ ਜਾ ਰਹੀ 110 ਕਰੋੜ ਰੁਪਏ ਦੀ ਟ੍ਰਾਮਾਡੋਲ ਦੀਆਂ 68 ਲੱਖ ਗੋਲੀਆਂ ਜ਼ਬਤ ਕੀਤੀਆਂ ਹਨ। ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ. ਆਈ. ਬੀ.) ਵੱਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ISIS ਦੇ ਲੜਾਕਿਆਂ ਵੱਲੋਂ ਲੰਬੇ ਸਮੇਂ ਤੱਕ ਜਾਗਦੇ ਰਹਿਣ ਲਈ ਨਸ਼ੀਲੇ ਪਦਾਰਥ ਲੈਣ ਦੀਆਂ ਰਿਪੋਰਟਾਂ ਤੋਂ ਬਾਅਦ ਹਾਲ ਹੀ ਵਿਚ ਟ੍ਰਾਮਾਡੋਲ ਇਕ 'ਲੜਾਕੂ ਡਰੱਗ' ਵਜੋਂ ਪ੍ਰਸਿੱਧ ਹੋ ਗਈ ਹੈ।
ਟ੍ਰਾਮਾਡੋਲ ਇਕ ਦਰਦ ਤੋਂ ਰਾਹਤ ਦੇਣ ਵਾਲੀ ਨਸ਼ੀਲੀ ਦਵਾਈ ਹੈ, ਜਿਸ ਨੂੰ 2018 ਵਿਚ ਨਾਰਕੋਟਿਕ ਡਰੱਗਜ਼ ਅਤੇ ਮਨੋਵਿਗਿਆਨਕ ਪਦਾਰਥ (NDPS) ਐਕਟ ਤਹਿਤ ਇਕ ਨਸ਼ੀਲੇ ਪਦਾਰਥ ਵਜੋਂ ਨੋਟੀਫਾਈ ਕੀਤਾ ਗਿਆ ਸੀ ਅਤੇ ਇਸ ਦੀ ਬਰਾਮਦ 'ਤੇ ਪਾਬੰਦੀ ਹੈ। ਮੁੰਦਰਾ ਕਸਟਮਜ਼ ਵਲੋਂ ਜ਼ਬਤ 'ਟ੍ਰਾਮਾਡੋਲ' ਦੀ ਸਭ ਤੋਂ ਵੱਡੀ ਜ਼ਬਤੀ ਹੈ ਕਿਉਂਕਿ ਇਸ ਨੂੰ NDPS ਐਕਟ ਦੇ ਤਹਿਤ ਨੋਟੀਫਾਈ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀ ਕੁੱਲ ਗਿਣਤੀ 68 ਲੱਖ ਦੇ ਕਰੀਬ ਹੈ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 110 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਰਾਜਕੋਟ, ਗਾਂਧੀਨਗਰ ਅਤੇ ਗਾਂਧੀਧਾਮ ਵਿਚ ਤਲਾਸ਼ੀ ਜਾਰੀ ਹੈ। ਇਸ ਦਵਾਈ ਦੀ ਨਾਈਜੀਰੀਆ, ਘਾਨਾ ਆਦਿ ਵਰਗੇ ਅਫਰੀਕੀ ਦੇਸ਼ਾਂ ਵਿਚ ਭਾਰੀ ਮੰਗ ਹੈ।