ਹੌਲੀ ਲਿਫਟਿੰਗ ਕਾਰਨ ਕਰਨਾਲ ਅਨਾਜ ਮੰਡੀ ’ਚ ਲੱਗੀ ਭੀੜ, ਰਾਸ਼ਟਰੀ ਰਾਜਮਾਰਗ ਹੋਇਆ ਜਾਮ
Saturday, Oct 16, 2021 - 01:37 PM (IST)
ਕਰਨਾਲ- ਹੌਲੀ ਲਿਫਟਿੰਗ ਕਾਰਨ ਕਰਨਾਲ ਅਨਾਜ ਮੰਡੀ ’ਚ ਭੀੜ ਲੱਗ ਗਈ ਹੈ। ਜਿਸ ਦੇ ਨਤੀਜੇ ਵਲੋਂ ਰਾਸ਼ਟਰੀ ਰਾਜਮਾਰਗ-44 ਦੀ ਸਰਵਿਸ ਲੇਨ ’ਤੇ ਭਾਰੀ ਟਰੈਫਿਕ ਜਾਮ ਹੋ ਗਿਆ ਹੈ, ਕਿਉਂਕਿ ਕਿਸਾਨ ਝੋਨੇ ਨਾਲ ਭਰੇ ਟਰੈਕਟਰਾਂ ਅਤੇ ਟਰੇਲਰਾਂ ਦੀਆਂ ਲੰਬੀਆਂ ਲਾਈਨਾਂ ’ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਕਰਨਾਲ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਚੌਧਰੀ ਨੇ ਮੰਗ ਕੀਤੀ ਹੈ ਕਿ ਹਰਿਆਣਾ ਦੇ ਜਿਨ੍ਹਾਂ ਕਿਸਾਨਾਂ ਨੇ ਉੱਤਰ ਪ੍ਰਦੇਸ਼ ’ਚ ਝੋਨੇ ਦੀ ਖੇਤੀ ਕੀਤੀ ਹੈ, ਉਨ੍ਹਾਂ ਨੂੰ ਕਰਨਾਲ ਦੀਆਂ ਅਨਾਜ ਮੰਡੀਆਂ ’ਚ ਆਪਣੀ ਫ਼ਸਲ ਵੇਚਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਲਿਫਟਿੰਗ ਦੀ ਹੌਲੀ ਗਤੀ ਨਾਲ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਅਨਾਜ ਮੰਡੀਆਂ ’ਚ ਜਾਮ ਦੀ ਸਥਿਤੀ ਬਣੀ ਹੋਈ ਹੈ। ਐੱਨ.ਐੱਚ.-44 ’ਤੇ ਸਰਵਿਸ ਲੇਨ ਦਾ ਇਸਤੇਮਾਲ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਿਫਟਿੰਗ ਦੀਆਂ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਐਤਵਾਰ ਨੂੰ ਕੋਈ ਖਰੀਦ ਨਹੀਂ ਹੋਵੇਗੀ। ਕਰਨਾਲ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਚੌਧਰੀ ਨੇ ਕਿਹਾ ਕਿ ਕਰਨਾਲ ਅਨਾਜ ਮੰਡੀ ’ਚ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਕੋਈ ਗੇਟ ਪਾਸ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਕਤਲ ਮਾਮਲੇ ’ਤੇ ਰਾਕੇਸ਼ ਟਿਕੈਤ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
ਕਿਸਾਨਾਂ ਨੇ ਖ਼ਰਾਬ ਪ੍ਰੰਬਧਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਹ ਅੱਧੀ ਰਾਤ ਤੋਂ ਗੇਟ ਪਾਸ ਲੈਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਕੋਈ ਫ਼ਾਇਦਾ ਨਹੀਂ ਹੋਇਆ। ਕਿਸਾਨ ਰਾਮਪਾਲ ਨੇ ਕਿਹਾ,‘‘ਮੈਂ ਇੱਥੇ ਆਪਣੀ ਫ਼ਸਲ ਵੇਚਣ ਆਇਆ ਹਾਂ ਪਰ ਮੇਰਾ ਇੰਤਜ਼ਾਰ ਕਦੇ ਖ਼ਤਮ ਨਹੀਂ ਹੋਣ ਵਾਲਾ ਹੈ, ਕਿਉਂਕਿ ਵੱਡੀ ਗਿਣਤੀ ’ਚ ਕਿਸਾਨ ਪਹਿਲਾਂ ਤੋਂ ਹੀ ਲਾਈਨ ’ਚ ਖੜ੍ਹੇ ਹਨ।’’ ਇਕ ਹੋਰ ਕਿਸਾਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਹੌਲੀ ਗਤੀ ਨਾਲ ਲਿਫਟਿੰਗ ਕਾਰਨ ਅਨਾਜ ਮੰਡੀ ’ਚ ਜਗ੍ਹਾ ਦੀ ਘਾਟ ਹੈ ਅਤੇ ਕਿਸਾਨ ਆਪਣੀ ਉਪਜ ਨਹੀਂ ਉਤਾਰ ਪਾ ਰਹੇ ਹਨ। ਦੂਜੇ ਪਾਸੇ, ਜ਼ਿਲ੍ਹਾ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੁੱਲ ਖਰੀਦੇ ਗਏ ਝੋਨੇ ਦਾ ਲਗਭਗ 60 ਫੀਸਦੀ ਚੁੱਕ ਲਿਆ ਗਿਆ ਹੈ, ਜੋ ਸੂਬੇ ’ਚ ਸਭ ਤੋਂ ਵੱਧ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ