ਚਮਤਕਾਰ! ਜਿਨ੍ਹਾਂ ਨੂੰ ਮਰਿਆ ਹੋਇਆ ਸਮਝ ਕੀਤਾ ਅੰਤਿਮ ਸੰਸਕਾਰ, ਉਹ 4 ਸਾਲ ਬਾਅਦ ਆਏ ਘਰ ਵਾਪਸ

10/08/2020 12:01:10 PM

ਗਾਜ਼ੀਪੁਰ—ਕਹਿੰਦੇ ਹਨ ਕਿ ਮਰਨ ਤੋਂ ਬਾਅਦ ਕੋਈ ਵਾਪਸ ਨਹੀਂ ਆਉਂਦਾ ਪਰ ਜਦ ਕੋਈ ਸੱਚ 'ਚ ਵਾਪਸ ਆ ਜਾਵੇ ਤਾਂ ਜ਼ਰਾ ਸੋਚੋ ਉਸ ਦੇ ਪਿੰਡ-ਘਰ 'ਤੇ ਕੀ ਬੀਤੀ ਹੋਵੇਗੀ। ਇਹ ਮਾਮਲਾ ਯੂ.ਪੀ. ਦੇ ਗਾਜ਼ੀਪੁਰ ਦੇ ਕਾਸਿਮਾਬਾਦ ਕੋਤਵਾਲੀ ਅਧੀਨ ਆਉਣ ਵਾਲੇ ਇਕ ਪਿੰਡ ਦਾ ਹੈ। ਪਿੰਡ 'ਚ ਉਸ ਸਮੇਂ ਭੱਜ-ਦੌੜ ਮੱਚ ਗਈ ਜਦੋਂ 4 ਸਾਲ ਬਾਅਦ ਇਕ ਬੀਬੀ ਆਪਣੇ ਘਰ ਵਾਪਸ ਆਈ। ਗਾਇਬ ਹੋਈ ਅਤੇ ਮੌਤ ਹੋਣ ਦੀ ਸੂਚਨਾ 'ਤੇ ਜਿਸ ਦਾ ਅੰਤਿਮ ਸੰਸਕਾਰ ਘਰ ਵਾਲੇ ਕਰ ਚੁੱਕੇ ਸਨ, ਉਹ ਜਨਾਨੀ ਆਪਣੀ ਛੋਟੀ ਜਿਹੀ ਬੱਚੀ ਨਾਲ ਜਿਉਂਦੀ ਵਾਪਸ ਘਰ ਪਹੁੰਚ ਗਈ। 
ਪਰਿਵਾਰ ਨੂੰ ਜਦੋਂ ਉਸ ਨੇ ਆਪਬੀਤੀ ਦੱਸੀ ਤਾਂ ਇਕ ਖੌਫਨਾਕ ਅਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਬਾਅਦ 'ਚ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਮਾਮਲੇ 'ਚ ਪਿੰਡ ਦੇ ਨੇੜੇ ਦੀ ਹੀ ਇਕ ਮੂੰਹ ਬੋਲੀ ਮਾਸੀ ਅਤੇ ਮਾਸੜ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਪਰਿਵਾਰ ਅਤੇ ਜਨਾਨੀ ਮੁਤਾਬਕ ਇਹ ਮਾਮਲਾ ਲਗਭਗ ਚਾਰ ਸਾਲ ਪਹਿਲਾਂ ਦਾ ਹੈ। ਜਨਾਨੀ ਵਿਆਹੀ ਹੋਈ ਹੈ, ਉਸ ਦੀ ਇਕ ਧੀ ਵੀ ਹੈ। ਉਸ ਦੇ ਇਲਾਜ ਲਈ ਜਨਾਨੀ ਨੂੰ ਉਸ ਦੇ ਕਥਿਤ ਮਾਸੀ-ਮਾਸੜ ਬੇਹੋਸ਼ ਕਰਕੇ ਟਰੇਨ ਰਾਹੀਂ ਬੱਚੀ ਸਮੇਤ ਆਗਰਾ ਜ਼ਬਰਦਸਤੀ ਲੈ ਗਏ ਸਨ, ਜਿਥੇ ਉਸ ਨੂੰ ਦੇਹ ਬਾਜ਼ਾਰ 'ਚ ਧਕੇਲ ਦਿੱਤਾ। ਉਥੇ ਵੀ ਉਸ ਨੂੰ ਦੋ ਵਾਰ ਖਰੀਦਿਆ ਅਤੇ ਵੇਚਿਆ ਗਿਆ। ਫਿਰ ਉਹ ਕਿਸੇ ਚੰਗੇ ਆਦਮੀ ਦੀ ਮਦਦ ਨਾਲ ਹੁਣ ਆਪਣੇ ਪਿੰਡ ਧੀ ਸਮੇਤ ਆ ਗਈ ਹੈ। 
ਜਨਾਨੀ ਦੇ ਚਚੇਰੇ ਭਰਾ ਨੇ ਦੱਸਿਆ ਕਿ ਅਸੀਂ ਲੋਕਾਂ ਨੇ ਬਹੁਤ ਖੋਜ ਕੀਤੀ ਪਰ ਉਹ ਨਹੀਂ ਮਿਲੀ ਤਾਂ ਘਰ ਵਾਲਿਆਂ ਨੇ ਇਨ੍ਹਾਂ ਦੋਵਾਂ ਨੂੰ ਮਰਿਆ ਹੋਇਆ ਸਮਝ ਕੇ ਇਨ੍ਹਾਂ ਦਾ ਪੁੱਤਲਾ ਬਣਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਸੀ। ਇਸ ਦੁੱਖ ਕਾਰਨ ਉਸ ਦੇ ਪਿਓ ਦੀ ਵੀ ਬੀਮਾਰੀ ਤੋਂ ਬਾਅਦ ਮੌਤ ਹੋ ਗਈ, ਉਸ ਦੀ ਮਾਂ ਵੀ ਨਹੀਂ ਹੈ। ਉਸ ਦੇ ਘਰ 'ਚ ਚਚੇਰਾ ਭਰਾ, ਭੈਣ ਅਤੇ ਉਸ ਦਾ ਪਰਿਵਾਰ ਹੈ। 
ਜਨਾਨੀ ਦਾ ਆਪਬੀਤੀ ਸੁਣਨ ਤੋਂ ਬਾਅਦ ਪੁਲਸ ਨੇ ਦੋਸ਼ੀ ਮਾਸੀ ਅਤੇ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਹ ਆਪਣਾ ਬਚਾਅ ਕਰ ਰਹੇ ਹਨ। ਗਾਜ਼ੀਪੁਰ ਦੇ ਐੱਸ.ਪੀ. ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚਾਰ ਸਾਲ ਬਾਅਦ ਇਹ ਜਨਾਨੀ ਘਰ ਵਾਪਸ ਆਈ ਹੈ। ਉਸ ਦੇ ਨਾਲ 4 ਸਾਲ ਦੀ ਬੱਚੀ ਵੀ ਹੈ। ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀ ਜੋੜੇ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।


Aarti dhillon

Content Editor

Related News