ਜਗਨਨਾਥ ਮੰਦਰ ਦੇ ਮੰਡਪ ਦੇ ਖੰਭੇ ਤੇ ਬੀਮ ’ਚ ਮਿਲੀਆਂ ਤਰੇੜਾਂ
Tuesday, Nov 29, 2022 - 12:26 PM (IST)
ਪੁਰੀ (ਯੂ. ਐੱਨ. ਆਈ.)– ਸ਼੍ਰੀ ਜਗਨਨਾਥ ਮੰਦਰ ਦੇ ਨਾਟਾ ਮੰਡਪ ਦੀ ਵਿਸ਼ਾਲ ਛੱਤ ਦੇ ਭਾਰ ਨੂੰ ਸਹਿਣ ਕਰਨ ਵਾਲੇ ਖੰਭੇ ਅਤੇ ਕੈਪੀਟਲ ਬੀਮ ਵਿਚ ਤਰੇੜਾਂ ਦੇਖੀਆਂ ਗਈਆਂ ਹਨ। ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਭੁਵਨੇਸ਼ਵਰ ਸਰਕਲ ਦੇ ਸੁਪਰਡੈਂਟ ਅਰੁਣ ਮਲਿਕ ਨੇ ਦੱਸਿਆ ਕਿ ਇਕ ਮਾਹਰ ਟੀਮ ਵਲੋਂ ਨਿਰੀਖਣ ਦੌਰਾਨ ਇਹ ਤਰੇੜਾਂ ਦੇਖੀਆਂ ਗਈਆਂ, ਜਿਸ ਦੀ ਮੁਰੰਮਤ ਦੀ ਲੋੜ ਹੈ। ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਦੀ ਇਕ ਉੱਚ ਪੱਧਰੀ ਤਕਨੀਕੀ ਟੀਮ ਨੇ ਹਾਈ ਕੋਰਟ ਵਲੋਂ ਨਿਯੁਕਤ ਐਮਿਕਸ ਕਿਊਰੀ ਦੇ ਨਾਲ ਐਤਵਾਰ ਨੂੰ ਸ਼੍ਰੀ ਜਗਨਨਾਥ ਮੰਦਰ ਦੇ ਨਾਟਾ ਮੰਡਪ ਦੇ ਨੁਕਸਾਨੇ ਹਿੱਸੇ ਦਾ ਨਿਰੀਖਣ ਕੀਤਾ ਸੀ।
ਉੜੀਸਾ ਹਾਈ ਕੋਰਟ ਨੇ ਸ਼੍ਰੀ ਜਗਨਨਾਥ ਮੰਦਰ ਦੀ ਮੁਰੰਮਤ ਲਈ ਏ. ਐੱਸ. ਆਈ. ਦੀ ਅਣਗਹਿਲੀ ’ਤੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਐੱਨ. ਕੇ. ਮੋਹੰਤੀ ਨੂੰ ਐਮਿਕਸ ਕਿਊਰੀ ਦੇ ਰੂਪ ਵਿਚ ਨਿਯੁਕਤ ਕੀਤਾ ਸੀ, ਜਿਨ੍ਹਾਂ ਮੰਦਰ ਦਾ ਦੌਰਾ ਕੀਤਾ ਸੀ ਅਤੇ ਫੌਰੀ ਮੁਰੰਮਤ ਦੀ ਲੋੜ ਬਾਰੇ ਇਕ ਰਿਪੋਰਟ ਪੇਸ਼ ਕੀਤੀ ਸੀ। ਹਾਈ ਕੋਰਟ ਨੇ ਏ. ਐੱਸ. ਆਈ. ਨੂੰ ਜ਼ਰੂਰੀ ਮੁਰੰਮਤ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ।