PNB ਦੇ 5 ਵੱਡੇ ਅਧਿਕਾਰੀਆਂ ''ਤੇ ਸ਼ਿਕੰਜਾ ! ਕਰੋੜਾਂ ਦੇ ਘਪਲੇ ਨੇ ਉਡਾਏ ਪੁਲਸ ਦੇ ਹੋਸ਼, ਹੈਰਾਨ ਕਰੇਗਾ ਮਾਮਲਾ
Sunday, Feb 08, 2026 - 02:24 PM (IST)
ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ-49 ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੇ ਪੰਜ ਉੱਚ ਅਧਿਕਾਰੀਆਂ ਖ਼ਿਲਾਫ਼ 60 ਕਰੋੜ ਰੁਪਏ ਦੀ ਜਾਇਦਾਦ ਹੜੱਪਣ ਦੀ ਕਥਿਤ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਇੱਕ ਹੋਟਲ ਕਾਰੋਬਾਰੀ ਦੀ ਪਟੀਸ਼ਨ 'ਤੇ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ?
ਸ਼ਿਕਾਇਤਕਰਤਾ ਅਨਿਲ ਬੱਬਰ (66), ਜੋ ਕਿ ਨੋਇਡਾ ਦੇ ਸੈਕਟਰ-47 ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2013 ਵਿੱਚ ਹਰਿਦੁਆਰ ਸਥਿਤ ਇੱਕ ਹੋਟਲ ਖਰੀਦਣ ਅਤੇ ਚਲਾਉਣ ਲਈ ਪੀਐਨਬੀ ਦੀ ਸ਼ਾਖਾ ਤੋਂ 9.5 ਕਰੋੜ ਰੁਪਏ ਦਾ 'ਟਰਮ ਲੋਨ' ਲਿਆ ਸੀ। ਉਸ ਸਮੇਂ ਸਾਲਾਨਾ ਵਿਆਜ ਦਰ 9 ਫੀਸਦੀ ਤੈਅ ਹੋਈ ਸੀ। ਸ਼ਿਕਾਇਤ ਮੁਤਾਬਕ, ਉਨ੍ਹਾਂ ਨੇ 2016 ਤੱਕ ਬੈਂਕ ਨੂੰ 13 ਕਰੋੜ ਰੁਪਏ ਅਦਾ ਕਰ ਦਿੱਤੇ ਸਨ।
ਬੈਂਕ ਅਧਿਕਾਰੀਆਂ 'ਤੇ ਹੇਰਾਫੇਰੀ ਦੇ ਇਲਜ਼ਾਮ
ਕਾਰੋਬਾਰੀ ਨੇ ਇਲਜ਼ਾਮ ਲਾਇਆ ਕਿ ਬੈਂਕ ਨੇ ਅਚਾਨਕ ਵਿਆਜ ਦਰ 9 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਅਤੇ ਉਨ੍ਹਾਂ ਸਿਰ 5 ਕਰੋੜ ਰੁਪਏ ਦਾ ਵਾਧੂ ਬਕਾਇਆ ਦਿਖਾ ਦਿੱਤਾ। ਜਦੋਂ ਦਬਾਅ ਬਣਾਇਆ ਗਿਆ ਤਾਂ ਬੈਂਕ ਨੇ ਆਪਣੀ ਗਲਤੀ ਮੰਨੀ ਅਤੇ 2019 ਵਿੱਚ ਸਿਰਫ਼ 30.50 ਲੱਖ ਰੁਪਏ ਵਾਪਸ ਕੀਤੇ। ਪੀੜਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੋਟਲ ਦੀ ਬਾਜ਼ਾਰੀ ਕੀਮਤ ਕਰੀਬ 60 ਕਰੋੜ ਰੁਪਏ ਹੈ, ਪਰ ਬੈਂਕ ਅਧਿਕਾਰੀਆਂ ਨੇ ਜਾਣਬੁੱਝ ਕੇ ਇਸ ਦਾ ਮੁਲਾਂਕਣ ਸਿਰਫ਼ 23 ਕਰੋੜ ਰੁਪਏ ਦਿਖਾਇਆ ਹੈ।
ਸਸਤੇ ਭਾਅ ਨਿਲਾਮ ਕਰਨ ਦੀ ਸਾਜ਼ਿਸ਼
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬੈਂਕ ਅਧਿਕਾਰੀ 'ਸਰਫੇਸੀ ਐਕਟ' (Sarfaesi Act) ਦੀ ਆੜ ਵਿੱਚ 60 ਕਰੋੜ ਦੀ ਇਸ ਜਾਇਦਾਦ ਨੂੰ ਆਪਣੇ ਕਿਸੇ ਚਹੇਤੇ ਦੇ ਨਾਮ 'ਤੇ ਸਿਰਫ਼ 20 ਕਰੋੜ ਰੁਪਏ ਵਿੱਚ ਨਿਲਾਮ ਕਰਨ ਦੀ ਤਿਆਰੀ ਕਰ ਰਹੇ ਹਨ। ਕਾਰੋਬਾਰੀ ਨੇ ਪੰਜ ਅਧਿਕਾਰੀਆਂ 'ਤੇ ਲੋਨ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ।
ਇਨ੍ਹਾਂ ਅਧਿਕਾਰੀਆਂ 'ਤੇ ਹੋਈ ਕਾਰਵਾਈ
ਪੁਲਸ ਨੇ ਖੇਤਰੀ ਮੁਖੀ ਰਵਿੰਦਰ ਕੁਮਾਰ ਪਾਂਡੇ, ਖੇਤਰੀ ਪ੍ਰਬੰਧਕ ਪ੍ਰਿਆ ਰੰਜਨ, ਸ਼ਾਖਾ ਪ੍ਰਬੰਧਕ ਨਰਿੰਦਰ ਸਿੰਘ ਬਿਸ਼ਟ, ਜ਼ੋਨਲ ਹੈੱਡ ਐਸ.ਐਨ. ਦੂਬੇ ਅਤੇ ਐਮ.ਸੀ.ਸੀ. ਹੈੱਡ ਮਨੀਸ਼ ਕਸ਼ਯਪ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਆਈਪੀਸੀ ਦੀਆਂ ਧਾਰਾਵਾਂ 120ਬੀ, 420, 467, 468, 471 ਅਤੇ 506 ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
