ਲੁੱਟ-ਖੋਹ ਦੌਰਾਨ ਵਿਅਕਤੀ ਦੇ ਕਤਲ ਦਾ ਮਾਮਲਾ: ਪੁਲਸ ਨੇ ਮੁਲਜ਼ਮ ਨੂੰ ਨਕਦੀ ਸਮੇਤ ਕੀਤਾ ਕਾਬੂ
Thursday, Mar 26, 2026 - 06:33 PM (IST)
ਤਰਨਤਾਰਨ(ਰਮਨ)- ਬੀਤੀ 17 ਮਾਰਚ ਦੀ ਦੁਪਹਿਰ ਮੋਟਰਸਾਈਕਲ ਉਪਰ ਸਵਾਰ ਹੋ ਕਿਸੇ ਕੰਮ ਜਾ ਰਹੇ ਪਤੀ-ਪਤਨੀ ਨੂੰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਉਂਦੇ ਸਮੇਂ ਵਿਅਕਤੀ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੌਰਾਨ ਉਸਦਾ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਇਸ ਮਾਮਲੇ ਦੇ ਸਬੰਧ ਵਿਚ ਥਾਣਾ ਸਰਹਾਲੀ ਦੀ ਪੁਲਸ ਨੇ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਕਤਲ ਮਾਮਲੇ ਵਿੱਚ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦਕਿ ਦੂਸਰੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ ਵੱਢ ਗਏ ਮੁਲਜ਼ਮ
ਜਾਣਕਾਰੀ ਦੇ ਅਨੁਸਾਰ ਹਰਜਿੰਦਰ ਸਿੰਘ ਨਿਵਾਸੀ ਪਿੰਡ ਦਦੇਹਰ ਸਾਹਿਬ ਜੋ ਆਪਣੀ ਪਤਨੀ ਰਣਜੀਤ ਕੌਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਬੀਤੀ 17 ਮਾਰਚ ਨੂੰ ਕਿਸੇ ਨਿੱਜੀ ਕੰਮ ਲਈ ਪਿੰਡ ਤੋਂ ਸਰਹਾਲੀ ਆ ਰਹੇ ਸਨ। ਜਦੋਂ ਇਹ ਦੋਵੇਂ ਦੁਪਹਿਰ ਕਰੀਬ ਡੇਢ ਵਜੇ ਸਰਹਾਲੀ ਗੇਟ ਤੋਂ ਥੋੜਾ ਪਿੱਛੇ ਪੁੱਜੇ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਇਨ੍ਹਾਂ ਦੋਵਾਂ ਜੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪ੍ਰੰਤੂ ਹਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨੇ ਮੋਟਰਸਾਈਕਲ ਨਹੀਂ ਰੋਕਿਆ। ਜਿਸ ਦੌਰਾਨ ਲੁਟੇਰਿਆਂ ਨੇ ਹਰਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਹੇਠਾਂ ਸੁੱਟ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ 48 ਘੰਟੇ ਅਹਿਮ ! ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਦੋਵਾਂ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਕਰਨ ਦੌਰਾਨ ਇਕ ਲੁਟੇਰੇ ਨੇ ਹਰਜਿੰਦਰ ਸਿੰਘ ਦੀ ਛਾਤੀ 'ਤੇ ਕਿਰਚ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਹਰਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਪਤਨੀ ਮੌਕੇ 'ਤੇ ਰੌਲਾ ਪਾਉਂਦੀ ਹੋਈ ਮਦਦ ਦੀ ਗੁਹਾਰ ਲਗਾ ਰਹੀ ਸੀ। ਇਸ ਦੌਰਾਨ ਦੋਵੇਂ ਲੁਟੇਰੇ ਪਰਸ, ਜਿਸ ਵਿਚ 50 ਹਜ਼ਾਰ ਰੁਪਏ ਦੀ ਨਕਦੀ ਮੌਜੂਦ ਸੀ, ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਰੂਪ ਵਿਚ ਜ਼ਖਮੀ ਹਰਜਿੰਦਰ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਘਰਦਿਆਂ ਦੀ ਮਨਜ਼ੂਰੀ ਤੋਂ ਬਿਨਾਂ ਵਿਆਹ ਕਰਵਉਣਾ ਪਿਆ ਮਹਿੰਗਾ, ਕੁੜੀ ਵਾਲਿਆਂ ਨੇ ਮੁੰਡੇ ਦੇ ਘਰ ਆ ਕੇ...
ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜ਼ਿਲ੍ਹੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਦੀ ਪਹਿਚਾਨ ਦਵਿੰਦਰ ਸਿੰਘ ਉਰਫ ਕਾਲੂ ਪੁੱਤਰ ਸਵਿੰਦਰ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ, ਜੋ ਵਾਰਦਾਤ ਸਮੇਂ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਅਤੇ ਇਸ ਮੁਲਜ਼ਮ ਪਾਸੋਂ ਪੁਲਿਸ ਨੇ ਲੁੱਟੀ ਹੋਈ ਰਕਮ ਵਿੱਚੋਂ 5500 ਰੁਪਏ ਵੀ ਬਰਾਮਦ ਕੀਤੇ ਹਨ। ਜਦ ਕਿ ਇਸ ਦੇ ਫਰਾਰ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਬੰਸ ਸਿੰਘ ਵਾਸੀ ਧੁੰਨ ਰੋਡ ਚੋਹਲਾ ਸਾਹਿਬ ਦੀ ਗ੍ਰਿਫਤਾਰੀ ਲਈ ਟੀਮਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਐਸਐਸਪੀ ਲਾਂਬਾ ਨੇ ਦੱਸਿਆ ਕਿ ਪੁਲਿਸ ਨੂੰ ਇਸ ਕੇਸ ਨੂੰ ਹੱਲ ਕਰਨ ਲਈ ਕਰੀਬ 80 ਕੈਮਰੇ ਖੰਗਾਲਣੇ ਪਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
