ਭਾਰਤੀ ਕੰਪਨੀ ਨੇ ਕੋਰੋਨਾ ਦੇ ਟੀਕੇ ਲਈ ਗ੍ਰਿਫਿਥ ਯੂਨੀਵਰਸਿਟੀ ਨਾਲ ਮਿਲਾਇਆ ਹੱਥ
Thursday, Apr 09, 2020 - 08:07 PM (IST)
ਨਵੀਂ ਦਿੱਲੀ- ਟੀਕਾ ਨਿਰਮਾਤਾ ਕੰਪਨੀ ਇੰਡੀਅਨ ਇਮਿਊਨੀਲਾਜੀਕਲਸ ਲਿਮਿਟਡ ਨੇ ਘੋਸ਼ਣਾ ਕੀਤੀ ਹੈ ਕਿ ਕੰਪਨੀ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ ਲਈ ਸੋਧ ਸ਼ੁਰੂ ਕਰਨ ਜਾ ਰਹੀ ਹੈ।
ਕੰਪਨੀ ਨੇ ਅੱਜ ਕਿਹਾ ਕਿ ਕੋਵਿਡ-19 ਇਕ ਅਜਿਹੀ ਮਹਾਮਾਰੀ ਹੈ ਜੋ ਹੁਣ ਤਕ ਪੂਰੇ ਵਿਸ਼ਵ ਵਿਚ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੰਕ੍ਰਮਿਤ ਕਰ ਚੁੱਕੀ ਹੈ ਅਤੇ ਲਗਭਗ ਹਜ਼ਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਇਸ ਟੀਕਾ ਨਿਰਮਾਤਾ ਕੰਪਨੀ, ਜਿਸ ਦਾ ਦਫਤਰ ਹੈਦਰਾਬਾਦ, ਵਿਚ ਹੈ, ਨੇ ਕੋਰੋਨਾ ਵਾਇਰਸ ਲਈ ਇਕ ਲੀਡ ਵੈਕਸੀਨ ਕੈਂਡੀਡੇਟ ਵਿਕਸਿਤ ਕਰਨ ਲਈ ਅਤੇ ਸੋਧ ਲਈ ਆਸਟ੍ਰੇਲੀਆ ਦੀ ਗ੍ਰਿਫਿਥ ਯੂਨੀਵਰਸਿਟੀ ਨਾਲ ਇਕ ਸਮਝੌਤਾ ਕੀਤਾ ਹੈ। ਇਸ ਟੀਕੇ ਦੀ ਇਕ ਡੋਜ਼ ਨਾਲ ਲੰਬੇ ਸਮੇਂ ਲਈ ਸੁਰੱਖਿਆ ਮਿਲਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਦਿਨ-ਰਾਤ ਇਕ ਕਰ ਰਹੀਆਂ ਹਨ। ਇਸ ਵਿਚ ਜਾਨਸਨ ਐਂਡ ਜਾਨਸਨ, ਅਹਿਮਦਾਬਾਦ ਦੀ ਜ਼ਾਇਡਸ ਕੈਡੀਲਾ ਅਤੇ ਪੁਣੇ ਦੀ ਸੀਰਮ ਇੰਸਟੀਚਿਊਟ ਵੀ ਟੀਕਾ ਬਣਾਉਣ ਦੀ ਦੌੜ ਵਿਚ ਸ਼ਾਮਲ ਹਨ। ਵਿਸ਼ਵ ਭਰ ਵਿਚ ਦਰਜਨਾਂ ਫਰਮਾਂ ਇਸ ਲਈ ਦਿਨ-ਰਾਤ ਲੱਗੀਆਂ ਹੋਈਆਂ ਹਨ। ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਲੰਮੀ ਪ੍ਰਕਿਰਿਆ ਕਾਰਨ ਨਵਾਂ ਟੀਕਾ ਲਾਂਚ ਹੋਣ ਵਿਚ ਘੱਟੋ-ਘੱਟ ਇਕ ਤੋਂ ਦੋ ਸਾਲ ਲੱਗ ਸਕਦੇ ਹਨ।