ਕੋਰੋਨਾ: ਕੇਰਲ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ‘ਚ 1 ਸਾਲ ਤੱਕ ਹੋਵੇਗੀ ਕਟੌਤੀ
Thursday, Apr 23, 2020 - 07:38 PM (IST)

ਤਿਰੂਵੰਤਪੁਰਮ-ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਅਹਿਮ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਸੂਬੇ ‘ਚ ਚੁਣੇ ਗਏ ਨੁਮਾਇੰਦਿਆਂ ਦੀ ਤਨਖਾਹ ‘ਚ ਇੱਕ ਸਾਲ ਲਈ 30 ਫੀਸਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ, ਸਰਕਾਰੀ ਬੋਰਡ ਦੇ ਮੈਂਬਰਾਂ ਤੇ ਹੋਰ ਨੁਮਾਇੰਦਿਆਂ ਨੂੰ ਅਗਲੇ ਇੱਕ ਸਾਲ ਲਈ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਤੇ ਮਾਣ ਭੱਤੇ ‘ਚ 30 ਫੀਸਦੀ ਕਟੌਤੀ ਕੀਤੀ ਜਾਵੇਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕੇਰਲ ਤੋਂ ਪਹਿਲਾਂ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਸਮੇਤ ਕਈ ਹੋਰ ਸੂਬਿਆਂ 'ਚ ਵੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾ ਚੁੱਕਾ ਹੈ।
ਕੇਰਲ ਭਾਰਤ ਦਾ ਉਹ ਹੀ ਸੂਬਾ ਹੈ ਜਿਥੇ ਕੋਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਸ਼ੁਰੂਆਤ ‘ਚ ਕੇਰਲ ‘ਚ ਤਿੰਨ ਮਰੀਜ਼ ਕੋਰੋਨਾ ਇਨਫੈਕਟਡ ਪਾਏ ਗਏ, ਜੋ ਜਲਦੀ ਠੀਕ ਹੋ ਗਏ। ਇਸ ਤੋਂ ਬਾਅਦ ਦੇਸ਼ ਭਰ ਤੋਂ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਲੱਗੇ। ਸਿਹਤ ਮੰਤਰਾਲੇ ਅਨੁਸਾਰ ਕੁੱਲ 438 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਤੇ ਕੇਰਲ ‘ਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਹੈ। ਹਾਲਾਂਕਿ 323 ਵਿਅਕਤੀ ਠੀਕ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਦੇਸ਼ ਭਰ ‘ਚ 21,393 ਵਿਅਕਤੀ ਕੋਰੋਨਾ ਪ੍ਰਭਾਵਿਤ ਹਨ ਜਦਕਿ 681 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਹੈ ਕਿ 4258 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।