ਕੋਰੋਨਾ ਦੇ ਖ਼ੌਫ਼ 'ਚ ਰਾਹਤ ਭਰੀ ਖ਼ਬਰ: ਵਰਤਮਾਨ ਸਰਗਰਮ ਮਾਮਲਿਆਂ ਨਾਲੋਂ ਵਧੇਰੇ ਲੋਕ ਹੋਏ ਠੀਕ

06/10/2020 1:01:44 PM

ਨਵੀਂ ਦਿੱਲੀ— ਤਾਲਾਬੰਦੀ-5 'ਚ ਮਿਲੀ ਢਿੱਲ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਆਫਤ ਦਰਮਿਆਨ ਇਕ ਰਾਹਤ ਭਰੀ ਖ਼ਬਰ ਵੀ ਸਾਹਮਣੇ ਆਈ ਹੈ। ਉਹ ਇਹ ਕਿ ਦੇਸ਼ ਵਿਚ ਪਹਿਲੀ ਵਾਰ ਕੋਰੋਨਾ ਤੋਂ ਪੀੜਤ ਹੋ ਕੇ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਸਰਗਰਮ ਕੇਸਾਂ ਤੋਂ ਜ਼ਿਆਦਾ ਹੋ ਗਈ ਹੈ। ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਮਰੀਜ਼ਾਂ ਦੇ ਕੁੱਲ 1,33,632 ਸਰਗਰਮ ਕੇਸ ਹਨ, ਜਦਕਿ 1,35,206 ਮਰੀਜ਼ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2.76 ਲੱਖ ਤੋਂ ਵਧੇਰੇ ਹੋ ਗਈ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 9,985 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 279 ਲੋਕਾਂ ਦੀ ਮੌਤ ਹੋਈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 7,745 'ਤੇ ਪਹੁੰਚ ਗਿਆ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2,76,583 ਹੋ ਗਈ ਹੈ। ਮਹਾਰਾਸ਼ਟਰ ਇਸ ਮਹਾਮਾਰੀ ਨਾਲ ਦੇਸ਼ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇੱਥੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 90,787 ਅਤੇ ਇਸ ਜਾਨਲੇਵਾ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,289 ਹੋ ਗਈ ਹੈ। ਮਹਾਰਾਸ਼ਟਰ ਤੋਂ ਇਲਾਵਾ ਦੇਸ਼ ਵਿਚ 5 ਹੋਰ ਸੂਬੇ ਹਨ, ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਵਧੇਰੇ ਹਨ। ਤਾਮਿਲਨਾਡੂ ਦੂਜੇ ਨੰਬਰ 'ਤੇ ਹੈ, ਜਿੱਥੇ 34,014 ਮਾਮਲੇ ਹਨ। ਤੀਜੇ ਨੰਬਰ ਰਾਜਧਾਨੀ ਦਿੱਲੀ ਦਾ ਹੈ, ਜਿੱਥੇ 31,309 ਮਾਮਲੇ ਹਨ। ਗੁਜਰਾਤ 'ਚ 21 ਹਜ਼ਾਰ ਤੋਂ ਵਧੇਰੇ ਮਾਮਲੇ ਹਨ। ਇਸ ਤੋਂ ਇਲਾਵਾ ਰਾਜਸਥਾਨ 'ਚ 11,368 ਮਾਮਲੇ ਸਾਹਮਣੇ ਆਏ ਹਨ।


Tanu

Content Editor

Related News