ਕੇਂਦਰ ਦਾ ਸੂਬਿਆਂ ਨੂੰ ਸਖਤ ਹੁਕਮ- ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ-ਖਾਣ ਨੂੰ ਦਿਓ
Saturday, Mar 28, 2020 - 05:37 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ 21 ਦਿਨਾਂ ਲਈ ਲਾਕ ਡਾਊਨ ਦਰਮਿਆਨ ਦਿੱਲੀ ਸਮੇਤ ਤਮਾਮ ਵੱਡੇ ਸ਼ਹਿਰਾਂ ਤੋਂ ਦੂਜੇ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ। ਮਜ਼ਦੂਰ ਪੈਦਲ ਹੀ ਪਰਿਵਾਰਾਂ ਨਾਲ ਸੈਂਕੜੇ ਕਿਲੋਮੀਟਰ ਦੂਰ ਆਪਣੇ-ਆਪਣੇ ਘਰਾਂ ਲਈ ਨਿਕਲੇ ਹਨ। ਦੇਸ਼ ਭਰ 'ਚ ਲਾਕ ਡਾਊਨ ਲਾਗੂ ਹੈ ਅਤੇ ਅੱਜ ਇਸ ਦਾ ਚੌਥਾ ਹੈ, ਅਜਿਹੇ ਵਿਚ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਸਮੇਤ ਬੇਘਰ ਲੋਕਾਂ ਦੇ ਖਾਣੀ-ਪੀਣ, ਠਹਿਰਣ, ਕੱਪੜੇ ਅਤੇ ਇਲਾਜ ਆਦਿ ਦੇ ਪੁਖਤਾ ਇੰਤਜ਼ਾਮ ਕਰਨ। ਕੇਂਦਰ ਨੇ ਸੂਬਿਆਂ ਤੋਂ ਇਸ ਲਈ ਸਟੇਟ ਡਿਜਾਸਟਰ ਰਿਸਪਾਂਸ ਫੰਡ (ਐੱਸ. ਡੀ. ਆਰ. ਐੱਫ.) ਲਈ ਵੰਡ ਗਈ ਰਕਮ ਦਾ ਇਸਤੇਮਾਲ ਕਰਨ ਨੂੰ ਕਿਹਾ ਹੈ।
ਪ੍ਰਵਾਸੀ ਮਜ਼ਦੂਰਾਂ ਲਈ ਰਾਹਤ ਕੈਂਪ ਬਣਾਉਣ ਦੇ ਨਿਰਦੇਸ਼—
ਗ੍ਰਹਿ ਮੰਤਰਾਲੇ 'ਚ ਸੰਯੁਕਤ ਸਕੱਤਰ ਨੇ ਦੱਸਿਆ ਕਿ ਮੰਤਰਾਲੇ ਨੇ ਸਾਰੇ ਸੂਬਿਆਂ ਤੋਂ ਰਾਹਤ ਕੈਂਪ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਖਾਣੇ ਅਤੇ ਪਾਣੀ ਦੀ ਵਿਵਸਥਾ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਹਤ ਕੈਂਪ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਇੰਤਜ਼ਾਮਾਂ ਨੂੰ ਲੈ ਕੇ ਵਲੰਟੀਅਰਜ਼, ਐੱਨ. ਜੀ. ਓ. ਜ਼ਰੀਏ ਜਾਗਰੂਕਤਾ ਵੀ ਫੈਲਾਉਣੀ ਚਾਹੀਦੀ ਹੈ। ਦੱਸ ਦੇਈਏ ਕਿ ਲਾਕ ਡਾਊਨ ਦੀ ਵਜ੍ਹਾ ਕਰ ਕੇ ਟਰਾਂਸਪੋਰਟ ਦੇ ਸਾਰੇ ਸਾਧਨ ਬੰਦ ਹਨ। ਦੂਜੇ ਸੂਬਿਆਂ ਤੋਂ ਰੋਜ਼ੀ-ਰੋਟੀ ਲਈ ਸ਼ਹਿਰਾਂ 'ਚ ਗਏ ਦਿਹਾੜੀ ਮਜ਼ਦੂਰਾਂ, ਅਸੰਗਠਿਤ ਖੇਤਰਾਂ ਅਤੇ ਗਰੀਬਾਂ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਹੈ ਕਿ ਉਹ ਲਾਕ ਡਾਊਨ ਦੌਰਾਨ ਕਿਵੇਂ ਖਾਣ-ਪੀਣਗੇ, ਕਿਉਂਕਿ ਰੋਜ਼ਗਾਰ ਨਹੀਂ ਹੈ। ਲਿਹਾਜਾ ਭੁੱਖੇ ਮਰਨ ਦੇ ਡਰ ਤੋਂ ਵੱਡੀ ਗਿਣਤੀ 'ਚ ਮਜ਼ਦੂਰਾਂ ਦਾ ਥਾਂ-ਥਾਂ ਤਮਾਮ ਸ਼ਹਿਰਾਂ ਤੋਂ ਪੈਦਲ ਹੀ ਆਪਣੇ ਘਰਾਂ ਲਈ ਨਿਕਲਣਾ ਜਾਰੀ ਹੈ।