ਕੋਵਿਡ-19 ਦਾ ਟੀਕਾ ਸਸਤਾ ਅਤੇ ਸਾਰਿਆਂ ਨੂੰ ਉਪਲੱਬਧ ਹੋਣਾ ਚਾਹੀਦਾ : PM ਮੋਦੀ
Tuesday, Jun 30, 2020 - 06:13 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦਾ ਟੀਕਾ ਤਿਆਰ ਹੋਣ 'ਤੇ ਵੱਡੀ ਆਬਾਦੀ ਦੇ ਟੀਕਾਕਰਣ ਲਈ ਭਾਰਤ ਦੀਆਂ ਤਿਆਰੀਆਂ ਦੀ ਮੰਗਲਵਾਰ ਨੂੰ ਸਮੀਖਿਆ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਟੀਕਾਕਰਣ ਸਸਤਾ ਅਤੇ ਹਰ ਕਿਸੇ ਲਈ ਉਪਲੱਬਧ ਹੋਣਾ ਚਾਹੀਦਾ। ਕੋਰੋਨਾ ਵਾਇਰਸ ਵਿਰੁੱਧ ਟੀਕਾਕਰਣ ਲਈ ਯੋਜਨਾ ਅਤੇ ਤਿਆਰੀਆਂ ਦੀ ਸਮੀਖਿਆ ਲਈ ਮੋਦੀ ਨੇ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਕ ਬਿਆਨ 'ਚ ਕਿਹਾ ਕਿ ਬੈਠਕ 'ਚ ਟੀਕਾ ਵਿਕਾਸ ਦੀਆਂ ਕੋਸ਼ਿਸ਼ਾਂ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨੇ ਕੋਵਿਡ-19 ਵਿਰੁੱਧ ਟੀਕਾਕਰਣ ਕੋਸ਼ਿਸ਼ਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਭਾਰਤ ਦੀ ਵਚਨਬੱਧਤਾ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਆਬਾਦੀ ਦੇ ਟੀਕਾਕਰਣ ਨਾਲ ਕਈ ਤਰ੍ਹਾਂ ਦੇ ਪਹਿਲੂ ਜੁੜੇ ਹੋਣਗੇ। ਇਸ 'ਚ ਮੈਡੀਕਲ ਸਪਲਾਈ ਦੇ ਪ੍ਰਬੰਧਨ, ਜ਼ੋਖਮ ਵਾਲੀ ਆਬਾਦੀ ਨੂੰ ਪਹਿਲ, ਪ੍ਰਕਿਰਿਆ 'ਚ ਸ਼ਾਮਲ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਨਿੱਜੀ ਖੇਤਰ ਅਤੇ ਨਾਗਰਿਕ ਸੰਸਥਾਵਾਂ ਦੀ ਭੂਮਿਕਾ ਸ਼ਾਮਲ ਹੈ। ਪੀ.ਐੱਮ.ਓ. ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਾਰ ਮਾਰਗਦਰਸ਼ਕ ਸਿਧਾਂਤ ਦਿੱਤੇ ਜੋ ਇਸ ਰਾਸ਼ਟਰੀ ਕੋਸ਼ਿਸ਼ ਦੀ ਨੀਂਹ ਤਿਆਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਲਦ ਟੀਕਾਕਰਣ ਲਈ ਜ਼ੋਖਮ ਵਾਲੇ ਸਮੂਹਾਂ ਦੀ ਪਛਾਣ ਕਰਨੀ ਹੋਵੇਗੀ ਅਤੇ ਉਨ੍ਹਾਂ ਨੂੰ ਪਹਿਲ 'ਚ ਰੱਖਣਾ ਹੋਵੇਗਾ। ਡਾਕਟਰਾਂ, ਨਰਸਾਂ, ਸਿਹਤ ਕਰਮੀਆਂ, ਮੈਡੀਕਲ ਦਲ ਦੇ ਕੋਵਿਡ-19 ਨਾਲ ਨਜਿੱਠਣ ਲਈ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਕਰਮੀਆਂ ਅਤੇ ਆਮ ਆਬਾਦੀ ਦਰਮਿਆਨ ਜ਼ੋਖਮ ਵਾਲੇ ਲੋਕ ਇਸ 'ਚ ਹੋ ਸਕਦੇ ਹਨ। ਇਸ ਦੇ ਅਧੀਨ ਮੂਲ ਵਾਸੀ ਸੰਬੰਧੀ ਪਾਬੰਦੀਆਂ 'ਤੇ ਵਿਚਾਰ ਕੀਤੇ ਬਿਨਾਂ ਕਿਸੇ ਨੂੰ ਵੀ ਕਿਤੇ ਵੀ ਟੀਕੇ ਦੀ ਸਹੂਲਤ ਦੇਣੀ ਹੋਵੇਗੀ। ਪੀ.ਐੱਮ.ਓ. ਅਨੁਸਾਰ ਤੀਜੇ ਸਿਧਾਂਤ ਦੇ ਅਧੀਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਸਸਤਾ ਅਤੇ ਸਾਰਿਆਂ ਨੂੰ ਉਪਲੱਬਧ ਹੋਣਾ ਚਾਹੀਦਾ ਅਤੇ ਕੋਈ ਵੀ ਵਿਅਕਤੀ ਇਸ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।