ਪੇਕੇ ਤੋਂ ਪਰਤੀ ਪਤਨੀ, ਕੋਰੋਨਾ ਤੋਂ ਡਰੇ ਪਤੀ ਨੇ ਘਰ 'ਚ ਰੱਖਣ ਤੋਂ ਕੀਤਾ ਇਨਕਾਰ
Thursday, Apr 02, 2020 - 05:30 PM (IST)
ਬਲੀਆ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਲੀਆ 'ਚ ਇਕ ਵਿਅਕਤੀ ਨੇ ਕੋਰੋਨਾ ਵਾਇਰਸ ਹੋਣ ਦੇ ਡਰ ਕਾਰਨ ਪੇਕੇ ਤੋਂ ਦੋ ਮਹੀਨੇ ਬਾਅਦ ਪਰਤੀ ਪਤਨੀ ਨੂੰ ਘਰ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਗੁਆਂਢੀ ਸੂਬੇ ਬਿਹਾਰ ਦੇ ਸੀਵਾਨ ਜ਼ਿਲੇ ਦੇ ਰਾਜਾਨਗਰ ਪਿੰਡ ਦੀ ਬਬੀਤਾ ਦੇਵੀ ਦਾ ਵਿਆਹ 5 ਸਾਲ ਪਹਿਲਾਂ ਬਲੀਆ ਵਾਸੀ ਗਣੇਸ਼ ਪ੍ਰਸਾਦ ਨਾਲ ਹੋਇਆ ਸੀ। ਦੋ ਮਹੀਨੇ ਪਹਿਲਾਂ ਉਹ ਪੇਕੇ ਸੀਵਾਨ ਗਈ ਸੀ। ਜਦੋਂ ਆਪਣੇ ਸਹੁਰੇ ਘਰ ਪਤੀ ਕੋਲ ਪਰਤੀ ਤਾਂ ਉਸ ਨੂੰ ਘਰ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ।
ਬਬੀਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਮਹੀਨੇ ਬਾਅਦ ਜਦੋਂ ਉਹ ਕੱਲ ਬੁੱਧਵਾਰ ਨੂੰ ਆਪਣੇ ਸਹੁਰੇ ਘਰ ਪੁੱਜੀ ਤਾਂ ਉਸ ਦੇ ਪਤੀ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਉਸ ਨੂੰ ਘਰ ਵਿਚ ਰੱਖਣ ਤੋਂ ਇਨਕਾਰ ਕਰ ਦਿੱਤਾ। ਪਤੀ ਦੇ ਇਨਕਾਰ ਤੋਂ ਬਾਅਦ ਬਬੀਤਾ ਜ਼ਿਲਾ ਹਸਪਤਾਲ ਪਹੁੰਚੀ, ਫਿਲਹਾਲ ਉਹ ਉੱਥੇ ਹੀ ਹੈ। ਬਲੀਆ ਸ਼ਹਿਰ ਕੋਤਵਾਲੀ ਦੇ ਮੁਖੀ ਵਿਪਿਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਸਾਹਮਣੇ ਆਇਆ ਹੈ। ਇਹ ਪਰਿਵਾਰਕ ਮਾਮਲਾ ਹੈ, ਪਤੀ ਨੂੰ ਸਮਝਾਇਆ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇਸ਼ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਹੁਣ ਤਕ 1965 ਕੇਸ ਸਾਹਮਣੇ ਆਏ ਹਨ ਅਤੇ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਬਿਹਾਰ ਦੀ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਦੇ ਕਈ ਕੇਸ ਸਾਹਮਣੇ ਆਏ ਹਨ।