'ਕੋਰੋਨਾ' ਰਫ਼ਤਾਰ ਨਾਲ ਹਾਲਾਤ ਚਿੰਤਾਜਨਕ, ਇਨ੍ਹਾਂ 5 ਸੂਬਿਆਂ 'ਚ ਘੱਟ ਪੈ ਸਕਦੇ ਨੇ ICU ਬੈੱਡ

08/01/2020 2:41:16 PM

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਿਸ ਕਾਰਨ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ 17 ਲੱਖ ਦੇ ਕਰੀਬ ਪਹੁੰਚ ਵਾਲੇ ਹਨ। ਪਿਛਲੇ 24 ਘੰਟਿਆਂ ਅੰਦਰ 57,118 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 16,95,988 ਹੋ ਗਈ ਹੈ। ਦੇਸ਼ 'ਚ ਜਿਸ ਰਫ਼ਤਾਰ ਨਾਲ ਕੋਰੋਨਾ ਵਾਇਰਸ ਵੱਧ ਰਿਹਾ ਹੈ, ਉਹ 5 ਸੂਬਿਆਂ ਲਈ ਖ਼ਤਰੇ ਦੀ ਘੰਟੀ ਵਰਗਾ ਹੈ। ਇਨ੍ਹਾਂ 5 ਸੂਬਿਆਂ ਵਿਚ ਸਿਹਤ ਸੇਵਾਵਾਂ ਓਨੀਆਂ ਬਿਹਤਰ ਨਹੀਂ ਹਨ, ਜਿੰਨੀਆਂ ਹੋਰ ਸੂਬਿਆਂ ਵਿਚ ਦਿਖਾਈ ਦਿੰਦੀਆਂ ਹਨ। ਇਨ੍ਹਾਂ ਸੂਬਿਆਂ 'ਚ ਜੇਕਰ ਕੋਰੋਨਾ ਦੀ ਰਫ਼ਤਾਰ ਵਧੀ ਤਾਂ ਇੱਥੇ ਆਈ. ਸੀ. ਯੂ. ਬੈੱਡ ਤੱਕ ਉਪਲੱਬਧ ਕਰਾਉਣਾ ਇਕ ਵੱਡੀ ਚੁਣੌਤੀ ਬਣ ਜਾਵੇਗਾ। ਇਨ੍ਹਾਂ ਸੂਬਿਆਂ ਵਿਚ ਪ੍ਰਤੀ ਲੱਖ ਦੀ ਆਬਾਦੀ ਦੇ ਹਿਸਾਬ ਨਾਲ ਆਈ. ਸੀ. ਯੂ. ਬੈੱਡਾਂ ਦੀ ਭਾਰੀ ਕਮੀ ਹੈ। 

ਇਹ ਵੀ ਪੜ੍ਹੋ: ਦੇਸ਼ 'ਚ 17 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਪੀੜਤਾਂ ਦੀ ਗਿਣਤੀ, 36 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

ਕੋਰੋਨਾ ਦੀ ਵੱਧਦੀ ਰਫ਼ਤਾਰ ਦਾ ਅਸਰ ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਓਡੀਸ਼ਾ ਅਤੇ ਕੇਰਲ 'ਤੇ ਦਿਖਾਈ ਦੇਣ ਲੱਗਾ ਹੈ। ਇਨ੍ਹਾਂ ਸੂਬਿਆਂ 'ਚ 10 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿਚ ਕੋਰੋਨਾ 9.3 ਫੀਸਦੀ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ, ਜਦਕਿ ਬਿਹਾਰ 'ਚ ਅੰਕੜਾ 6.1 ਫੀਸਦੀ ਹੈ। ਇਸ ਤੋਂ ਇਲਾਵਾ ਕਰਨਾਟਕ, ਓਡੀਸ਼ਾ ਅਤੇ ਕੇਰਲ ਵਿਚ ਵੀ ਨਵੇਂ ਮਾਮਲੇ 5 ਫੀਸਦੀ ਰਫ਼ਤਾਰ ਨਾਲ ਵੱਧ ਰਹੇ ਹਨ। 

ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪ੍ਰਤੀ ਲੱਖ ਦੀ ਆਬਾਦੀ 'ਤੇ 145 ਬੈੱਡ ਹਨ, ਜਦਕਿ ਕੇਰਲ 'ਚ ਇਨ੍ਹਾਂ ਦੀ ਗਿਣਤੀ 254 ਹੈ। ਕਰਨਾਟਕ 'ਚ ਇਕ ਲੱਖ ਲੋਕਾਂ 'ਤੇ 392 ਬੈੱਡ ਉਪਲੱਬਧ ਹਨ। ਜਦਕਿ ਬਿਹਾਰ ਵਿਚ ਇਨ੍ਹਾਂ ਦੀ ਗਿਣਤੀ ਸਿਰਫ 26 ਹੈ। ਓਡੀਸ਼ਾ ਵਿਚ ਹਾਲਾਤ ਕੁਝ ਬਿਹਤਰ ਨਹੀਂ ਹਨ। ਓਡੀਸ਼ਾ 'ਚ ਇਕ ਲੱਖ ਲੋਕਾਂ 'ਤੇ ਸਿਰਫ 56 ਬੈੱਡਾਂ ਦਾ ਇੰਤਜ਼ਾਮ ਹੈ। ਇੰਨਾ ਹੀ ਨਹੀਂ ਦੇਸ਼ ਦੀ ਜਨਸੰਖਿਆ  ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਪੂਰੇ ਦੇਸ਼ ਵਿਚ ਪ੍ਰਤੀ ਲੱਖ ਆਬਾਦੀ 'ਤੇ ਬੈੱਡਾਂ ਦਾ ਔਸਤ 137.6 ਹੈ।


Tanu

Content Editor

Related News